ਬਜਟ 2021: ਘਰ ਖ਼ਰੀਦਦਾਰਾਂ ਨੂੰ ਮਿਲ ਸਕਦੀ ਹੈ ਕੁੱਲ 5 ਲੱਖ ਦੀ ਟੈਕਸ ਛੋਟ

01/28/2021 4:22:29 PM

ਨਵੀਂ ਦਿੱਲੀ- ਕਿਸ਼ਤ 'ਤੇ ਘਰ ਖ਼ਰੀਦਣ ਵਾਲੇ ਲੋਕਾਂ ਨੂੰ ਬਜਟ ਤੋਂ ਕਾਫ਼ੀ ਉਮੀਦਾਂ ਹਨ। ਹਰ ਕੋਈ ਚਾਹੁੰਦਾ ਹੈ ਕੋਰੋਨਾ ਕਾਰਨ ਬਣੇ ਮੁਸ਼ਕਲ ਹਾਲਾਤ ਵਿਚ ਉਨ੍ਹਾਂ ਦੇ ਹੱਥ ਵਿਚ ਪੈਸਾ ਆਵੇ। ਰੀਅਲ ਅਸਟੇਟ ਸੈਕਟਰ ਬਿਹਤਰ ਕਾਰੋਬਾਰੀ ਮਾਹੌਲ ਅਤੇ ਅਰਥਵਿਵਸਥਾ ਦੀ ਤਰੱਕੀ ਚਾਹੁੰਦਾ ਹੈ। ਦੋਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਰਕਾਰ ਕੋਲ ਕਈ ਉਪਾਅ ਹੋ ਸਕਦੇ ਹਨ।


ਸਰਕਾਰ ਨੂੰ ਹੋਮ ਲੋਨ ਦੇ ਮੂਲਧਨ ਅਤੇ ਵਿਆਜ 'ਤੇ ਛੋਟ ਦਾ ਫਾਇਦਾ ਕੁੱਲ ਪੰਜ ਲੱਖ ਰੁਪਏ ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਖ਼ਰਚ ਕਰਨ ਲਈ ਵਧੇਰੇ ਪੈਸਾ ਆਵੇਗਾ ਜੋ ਕਿਸ਼ਤ 'ਤੇ ਘਰ ਖ਼ਰੀਦਣ ਜਾ ਰਹੇ ਹਨ ਜਾਂ ਖਰੀਦਣ ਵਾਲੇ ਹਨ। ਇਸ ਦੇ ਨਾਲਹੀ ਨਵੇਂ ਮਕਾਨਾਂ ਦੀ ਖ਼ਰੀਦ ਵਧੇਗੀ, ਜਿਸ ਨਾਲ ਨਿਰਮਾਣ ਖੇਤਰ ਵਿਚ ਨੌਕਰੀਆਂ ਵਧਣਗੀਆਂ।

ਮੌਜੂਦਾ ਸਮੇਂ ਹੋਮ ਲੋਨ ਦੇ ਮੂਲਧਨ 'ਤੇ 80ਸੀ ਤਹਿਤ ਡੇਢ ਲੱਖ ਰੁਪਏ ਤੱਕ ਅਤੇ 24ਬੀ ਤਹਿਤ ਵਿਆਜ 'ਤੇ ਦੋ ਲੱਖ ਰੁਪਏ ਦੀ ਛੋਟ ਹੈ। ਵਿਸ਼ੇਸ਼ ਹਾਲਾਤ ਵਿਚ 80ਈਈ ਵਿਚ ਵਿਆਜ 'ਤੇ 50,000 ਰੁਪਏ ਅਤੇ 80ਈਈਏ ਵਿਚ ਡੇਢ ਲੱਖ ਰੁਪਏ ਤੱਕ ਦੀ ਛੋਟ ਮਿਲਦੀ ਹੈ। ਮੂਲਧਨ ਅਤੇ ਛੋਟ ਨੂੰ ਵੱਖ ਕੀਤੇ ਬਿਨਾਂ ਇਕੱਠੀ ਪੰਜ ਲੱਖ ਰੁਪਏ ਤੱਕ ਦੀ ਛੋਟ ਵਾਲਾ ਸੈਕਸ਼ਨ ਬਣਾਇਆ ਜਾ ਸਕਦਾ ਹੈ। ਪੰਜ ਲੱਖ ਰੁਪਏ ਦੀ ਲਿਮਟ ਵਿਚ 80ਸੀ, 24ਬੀ ਅਤੇ 80ਈਈਏ ਤਿੰਨਾਂ ਵਿਚ ਮਿਲਣ ਵਾਲੀ ਛੋਟ ਆ ਜਾਵੇਗੀ। ਇਕ ਸੈਕਸ਼ਨ ਬਣਨ ਨਾਲ 80ਈਈ ਅਤੇ 80ਈਈਏ ਵਿਚ ਕੁਝ ਖ਼ਰੀਦਦਾਰਾਂ ਨੂੰ ਮਿਲਣ ਵਾਲਾ ਲਾਭ ਸਭ ਨੂੰ ਮਿਲਣ ਲੱਗੇਗਾ। ਇਨ੍ਹਾਂ ਦੋਹਾਂ ਵਿਚ ਵਿਆਜ 'ਤੇ ਛੋਟ ਦਾ ਲਾਭ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਨਿਰਧਾਰਤ ਆਕਾਰ ਦੇ ਹਿਸਾਬ ਨਾਲ ਮਿਲਦਾ ਹੈ। ਕਈ ਵਾਰ ਘਰ ਦੇ ਆਕਾਰ, ਲੋਨ ਦੇ ਸਮੇਂ ਦੇ ਮੱਦੇਨਜ਼ਰ ਇਸ ਛੋਟ ਦਾ ਲਾਭ ਨਹੀਂ ਮਿਲਦਾ ਹੈ।


Sanjeev

Content Editor

Related News