GST ਦੇ ਦਾਇਰੇ 'ਚ ਲਿਆਂਦਾ ਜਾ ਸਕਦਾ ਹੈ ਜਹਾਜ਼ ਈਂਧਣ, ਹੋ ਰਿਹੈ ਵਿਚਾਰ
Saturday, Mar 13, 2021 - 04:57 AM (IST)
ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰਾਲਾ ਜਹਾਜ਼ ਈਂਧਣ ਨੂੰ ਜੀ. ਐੱਸ. ਟੀ. ਵਿਚ ਸ਼ਾਮਲ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਵਿੱਤ ਮੰਤਰਾਲਾ ਨਾਲ ਗੱਲਬਾਤ ਕੀਤੀ ਗਈ ਹੈ। ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਗਲੋਬਲ ਹਵਾਬਾਜ਼ੀ ਅਤੇ ਏਅਰ ਕਾਰਗੋ ਸੈਕਟਰ 'ਤੇ ਇਕ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ ਜੈੱਟ ਫਿਊਲ ਨੂੰ ਜੀ. ਐੱਸ. ਟੀ. ਦੇ ਅਧੀਨ ਲਿਆਉਣ ਦੀ ਮੰਗ ‘ਤੇ ਕੰਮ ਕੀਤਾ ਜਾ ਰਿਹਾ ਹੈ।
ਜਹਾਜ਼ ਕੰਪਨੀਆਂ ਦੇ ਸੰਚਾਲਨ ਵਿਚ 45 ਤੋਂ 55 ਫ਼ੀਸਦੀ ਤੱਕ ਲਾਗਤ ਈਂਧਣ ਦੀ ਹੁੰਦੀ ਹੈ। ਭਾਰਤ ਵਿਚ ਇਹ ਲਾਗਤ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਇਹੀ ਵਜ੍ਹਾ ਹੈ ਕਿ ਜਹਾਜ਼ ਉਦਯੋਗ ਲੰਮੇ ਸਮੇਂ ਤੋਂ ਏ. ਟੀ. ਐੱਫ. ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਂਦੇ ਜਾਣ ਦੀ ਮੰਗ ਕਰਦਾ ਆ ਰਿਹਾ ਹੈ। ਇੰਡਸਟਰੀ ਸੰਸਥਾ ਪੀ. ਐਚ. ਡੀ. ਸੀ. ਸੀ. ਆਈ. ਵੱਲੋਂ ਆਯੋਜਿਤ ਸਮਾਰੋਹ ਵਿਚ ਖਰੋਲਾ ਨੇ ਦੇਸ਼ ਦੇ ਹਵਾਈ ਖੇਤਰ ਦੀ ਸਰਬੋਤਮ ਵਰਤੋਂ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਯਾਤਰੀ ਤੇ ਕਾਰਗੋ ਦੋਹਾਂ ਉਡਾਣਾਂ ਨੂੰ ਲਾਗਤ ਘੱਟ ਕਰਨ ਵਿਚ ਮਦਦ ਮਿਲੇਗੀ।