ਤਾਲਾਬੰਦੀ ਦੌਰਾਨ ਸਿਗਰਟ ਦੀ ਤਸਕਰੀ ਵਧੀ, ਚੌਕਸੀ ਵਧਾਉਣ ਦੀ ਲੋੜ : ਫਿੱਕੀ ਕਮੇਟੀ
Tuesday, Jun 16, 2020 - 01:19 PM (IST)
ਨਵੀਂ ਦਿੱਲੀ - ਮੁੱਖ ਉਦਯੋਗ ਮੰਡਲ ਫਿੱਕੀ ਦੀ ਇਕ ਕਮੇਟੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਇਨਫੋਰਸਮੈਂਟ ਏਜੰਸੀਆਂ ਵੱਲੋਂ ਤਸਕਰੀ ਨਾਲ ਲਿਆਂਦੀ ਗਈ ਦਰਾਮਦੀ ਸਿਗਰਟ ਦੀ ਖੇਪ ਜ਼ਬਤ ਹੋਣ ਦੇ ਵੱਧਦੇ ਮਾਮਲੇ ਇਹ ਦਰਸਾਉਂਦੇ ਹਨ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਲਾਗੂ ਤਾਲਾਬੰਦੀ ਦੌਰਾਨ ਸਿਗਰਟ ਦੀ ਤਸਕਰੀ ਵਧੀ ਹੈ।
ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਤਸਕਰੀ ਅਤੇ ਨਕਲੀ ਉਤਪਾਦ ਗਤੀਵਿਧੀਆਂ ਖ਼ਿਲਾਫ਼ ਫਿੱਕੀ ਵੱਲੋਂ ਗਠਿਤ ਕਮੇਟੀ (ਕਾਸਕੇਡ) ਨੇ ਕਿਹਾ ਹੈ ਕਿ ਨਵੀਂ ਮੁੰਬਈ ਸਥਿਤ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇ. ਐੱਨ. ਪੀ. ਟੀ.) ’ਚ 12 ਜੂਨ ਨੂੰ 11.88 ਕਰੋੜ ਰੁਪਏ ਦੀ ਵਿਦੇਸ਼ੀ ਬ੍ਰਾਂਡ ਸਿਗਰਟ ਦੀ ਵੱਡੀ ਖੇਪ ਫੜੀ ਗਈ। ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਇਹ ਸਭ ਤੋਂ ਵੱਡੀ ਖੇਪ ਹੈ ਜੋ ਜ਼ਬਤ ਕੀਤੀ ਗਈ। ਫਿੱਕੀ ਕਾਸਕੇਡ ਨੇ ਇਕ ਬਿਆਨ ’ਚ ਕਿਹਾ ਕਿ ਪੂਰੇ ਦੇਸ਼ ’ਚ ਇਸ ਤਰ੍ਹਾਂ ਦਾ ਰੁਝੇਵਾਂ ਵੇਖਿਆ ਗਿਆ। ਸੜਕ ਟਰਾਂਸਪੋਰਟ, ਕਾਰਗੋ ਅਤੇ ਯਾਤਰੀ ਸਾਮਾਨ ’ਚ ਇਸ ਤਰ੍ਹਾਂ ਦਾ ਮਾਲ ਫੜਿਆ ਗਿਆ ਹੈ।
3.34 ਲੱਖ ਦੇ ਕਰੀਬ ਰੋਜ਼ਗਾਰ ਦਾ ਵੀ ਨੁਕਸਾਨ
ਤਸਕਰੀ ਦੀਆਂ ਇਨ੍ਹਾਂ ਘਟਨਾਵਾਂ ’ਤੇ ਚਿੰਤਾ ਵਿਅਕਤ ਕਰਦੇ ਹੋਏ ਫਿੱਕੀ ਕਾਸਕੇਡ ਦੇ ਚੇਅਰਮੈਨ ਅਨਿਲ ਰਾਜਪੂਤ ਨੇ ਕਿਹਾ ਕਿ ਪੂਰੀ ਦੁਨੀਆ ’ਚ ਸਿਗਰਟ ਦੀ ਤਸਕਰੀ ਇਕ ਵੱਡਾ ਗੌਰਖ ਧੰਦਾ ਹੈ ਅਤੇ ਭਾਰਤ ਇਸ ਧੰਦੇ ਲਈ ਲਗਾਤਾਰ ਯੋਗ ਸਥਾਨ ਬਣਿਆ ਹੋਇਆ ਹੈ। ਦੇਸ਼ ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਉਥੇ ਹੀ ਇਸ ਤਰ੍ਹਾਂ ਦੇ ਤਸਕਰੀ ਦੇ ਸਾਮਾਨ ਲਗਾਤਾਰ ਜ਼ਿਆਦਾ ਮਾਤਰਾ ’ਚ ਜ਼ਬਤ ਹੋ ਰਹੇ ਹਨ। ਫਿੱਕੀ ਕਾਸਕੇਡ ਨੇ ਹਾਲ ਦੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਗਰਟ ਤਸਕਰੀ ਅੱਜ ਦੀ ਹਾਲਤ ’ਚ ਕਾਫ਼ੀ ਲਾਭਕਾਰੀ ਗਤੀਵਿਧੀ ਹੋ ਗਈ ਹੈ। ਇਸ ਦੀ ਵਜ੍ਹਾ ਨਾਲ 3.34 ਲੱਖ ਦੇ ਕਰੀਬ ਰੋਜ਼ਗਾਰ ਦਾ ਵੀ ਨੁਕਸਾਨ ਹੋਇਆ ਹੈ। ਅਜਿਹੇ ’ਚ ਸਰਕਾਰ ਨੂੰ ਜ਼ਿਆਦਾ ਚੌਕਸੀ ਵਰਤਣ ਦੀ ਜ਼ਰੂਰਤ ਹੈ।