ਕੋਰੋਨਾ : ਚੀਨ ਦੀ ਗ੍ਰੋਥ ਰੇਟ ਦਾ ਅਨੁਮਾਨ ਘਟਿਆ, World Economy ਦਾ ਬਚ ਕੇ ਰਹਿਣਾ ਮੁਸ਼ਕਲ

02/08/2020 6:02:44 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਚੀਨ ਵਿਚ ਹੁਣ ਤੱਕ 720 ਤੋਂ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਦੋਂਕਿ ਵਿਸ਼ਵ ਪੱਧਰ 'ਤੇ 34 ਹਜ਼ਾਰ ਤੋਂ ਵਧ ਲੋਕ ਇਸ ਰੋਗ ਨਾਲ ਸੰਕਰਮਿਤ ਮਿਲੇ ਹਨ। ਮੌਜੂਦਾ ਅੰਕੜਿਆਂ ਅਨੁਸਾਰ ਇਸ ਸਮੇਂ ਦੁਨੀਆ ਦੇ 27 ਦੇਸ਼ਾਂ ਵਿਚ ਇਸ ਨਾਲ ਪੀੜਤ ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ। ਵੁਹਾਨ ਦੇ ਨਾਲ-ਨਾਲ ਚੀਨ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਜਨ-ਜੀਵਨ ਠੱਪ ਹੋ ਗਿਆ ਹੈ। ਇਸ ਮਹਾਂਮਾਰੀ ਦੇ ਕਾਰਨ ਉਦਯੋਗਿਕ ਗਤੀਵਿਧੀ ਦੀ ਰਫਤਾਰ ਸੁਸਤ ਹੋ ਗਈ ਹੈ, ਜਿਸ ਦਾ ਸਿਹਤ ਦੇ ਨਾਲ-ਨਾਲ ਕਾਰੋਬਾਰੀ ਜਗਤ 'ਤੇ ਸਭ ਤੋਂ ਵਧ ਪ੍ਰਭਾਵ ਦਿਖਾਈ ਦੇ ਰਿਹਾ ਹੈ।

ਆਸਟਰੇਲੀਅਨ ਥਿੰਕ ਟੈਂਕ ਲੋਵੀ ਇੰਸਟੀਚਿਊਟ ਦੀ ਰਿਸਰਚ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਵਿਸ਼ਵਵਿਆਪੀ ਆਰਥਿਕਤਾ 'ਤੇ ਵੀ ਇਸ ਦਾ ਬਹੁਤ ਜਲਦੀ ਅਸਰ ਦਿਖਾਈ ਦੇਣ ਲੱਗੇਗਾ। ਕੱਚਾ ਤੇਲ 20 ਫੀਸਦੀ ਤੱਕ ਸਸਤਾ ਹੋ ਗਿਆ ਹੈ। ਗਲੋਬਲ ਬਾਜ਼ਾਰ ਵਿਚ ਇਸ ਦੀ ਕੀਮਤ 55 ਡਾਲਰ ਤੱਕ ਡਿੱਗ ਚੁੱਕੀ ਹੈ। ਵਰਲਡ ਟ੍ਰੇਡ 'ਚ ਹੁਣ ਤੱਕ ਚੀਨ ਦਾ ਦਬਦਬਾ ਅਮਰੀਕਾ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ। ਦੁਨੀਆਂ ਦੇ ਬਹੁਤੇ ਦੇਸ਼ਾਂ ਦਾ ਵਪਾਰ ਅਮਰੀਕਾ ਨਾਲੋਂ ਚੀਨ ਨਾਲ ਜ਼ਿਆਦਾ ਹੈ। ਅਜਿਹੀ ਸਥਿਤੀ 'ਚ  ਚੀਨ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੇ ਅਸਰ ਤੋਂ ਵਿਸ਼ਵਵਿਆਪੀ ਅਰਥ ਵਿਵਸਥਾ ਵੀ ਬੱਚ ਕੇ ਨਹੀਂ ਰਹਿ ਸਕਦੀ।

ਵਿਸ਼ਵ ਵਪਾਰ 'ਚ ਚੀਨ ਦੇ ਦਬਦਬੇ ਨੂੰ ਜੇਕਰ ਅੰਕੜਿਆਂ ਦੇ ਅਧਾਰ 'ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਚੀਨ 2001 ਵਿਚ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਦਾ ਮੈਂਬਰ ਬਣਿਆ। ਉਸ ਸਮੇਂ ਵਿਸ਼ਵ ਵਪਾਰ ਸੰਗਠਨ ਦੇ 80 ਪ੍ਰਤੀਸ਼ਤ ਦੇਸ਼ਾਂ ਦਾ ਅਮਰੀਕਾ ਨਾਲ ਹੀ ਜ਼ਿਆਦਾ ਵਪਾਰ ਹੁੰਦਾ ਸੀ। 2018 ਦੇ ਅੰਕੜਿਆਂ ਮੁਤਾਬਕ ਵਿਸ਼ਵ ਵਪਾਰ ਸੰਗਠਨ ਦੇ 30 ਪ੍ਰਤੀਸ਼ਤ ਦੇਸ਼ ਅਮਰੀਕਾ ਨਾਲ ਜ਼ਿਆਦਾ ਕਾਰੋਬਾਰ ਕਰ ਰਹੇ ਹਨ, ਜਦੋਂਕਿ 66 ਪ੍ਰਤੀਸ਼ਤ (190 ਵਿਚੋਂ 128 ਦੇਸ਼) ਚੀਨ ਨਾਲ ਜ਼ਿਆਦਾ ਕਾਰੋਬਾਰ ਕਰ ਰਹੇ ਹਨ।

ਕਰੋਨਾ ਦਾ ਵਿਸ਼ਵ ਆਰਥਿਕਤਾ 'ਤੇ ਪ੍ਰਭਾਵ

1. ਬੈਂਕ ਅਤੇ ਐਸੇਟ ਮੈਨੇਜਰਸ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਕੋਰੋਨਾ ਕਾਰਨ ਗਲੋਬਲ ਜੀ.ਡੀ.ਪੀ. 0.20-0.30 ਫੀਸਦੀ ਤੱਕ ਘੱਟ ਸਕਦੀ ਹੈ। ਇਹ ਅਨੁਮਾਨ ਉਸ ਸਥਿਤੀ 'ਤੇ ਅਧਾਰਤ ਤੇ ਹੈ ਕਿ ਜੇਕਰ ਇਸ ਵਾਇਰਸ ਨੂੰ ਫਰਵਰੀ ਵਿਚ ਨਿਯੰਤਰਿਤ ਕਰ ਲਿਆ ਜਾਂਦਾ ਹੈ ਅਤੇ ਮਾਰਚ-ਅਪ੍ਰੈਲ ਤਕ ਇਸ ਦੀ ਸਥਿਤੀ ਆਮ ਹੋ ਜਾਂਦੀ ਹੈ।
2. ਰੇਟਿੰਗ ਏਜੰਸੀ ਐਸ.ਐਂਡ.ਪੀ. ਨੇ ਚੀਨ ਦੇ ਗ੍ਰੋਥ ਰੇਟ ਦੇ ਅਨੁਮਾਨ ਨੂੰ 5.7 ਫੀਸਦੀ ਤੋਂ ਘਟਾ ਕੇ 5 ਫੀਸਦੀ 'ਤੇ ਕਰ ਦਿੱਤਾ ਹੈ। ਹਾਲਾਂਕਿ ਏਜੰਸੀ ਦਾ ਅੰਦਾਜ਼ਾ ਹੈ ਕਿ 2021 'ਚ ਗ੍ਰੋਥ ਰੇਟ ਉਛਲ ਕੇ 6.4 ਫੀਸਦੀ ਤੱਕ ਪਹੁੰਚ ਜਾਵੇਗਾ।
3. ਹਾਲਾਂਕਿ ਕਈ ਮਾਹਰਾਂ ਕੋਰੋਨਾ ਵਾਇਰਸ ਦੇ ਆਰਥਿਕ ਅਸਰ ਨੂੰ ਲੈ ਕੇ ਜ਼ਿਆਦਾ ਚਿੰਤਿਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2003 'ਚ ਇਸੇ ਤਰ੍ਹਾਂ SARC ਮਹਾਂਮਾਰੀ ਫੈਲ ਗਈ ਸੀ। ਉਸ ਸਮੇਂ ਵੀ ਰਿਟੇਲ ਸੇਲ 'ਚ ਭਾਰੀ ਗਿਰਾਵਟ ਆਈ ਸੀ ਅਤੇ ਇਸ ਦਾ ਅਸਰ ਜਿਵੇਂ ਹੀ ਖਤਮ ਹੋਇਆ ਮੰਗ ਵੀ ਤੇਜ਼ੀ ਨਾਲ ਵਧਣ ਲੱਗ ਗਈ ਸੀ।


Related News