ਚੀਨ 45+ ਵਾਲੇ ਕਰਮਚਾਰੀਆਂ ਨੂੰ ਰਿਟਾਇਰ ਕਰ ਨੌਜਵਾਨਾਂ ਨੂੰ ਦੇ ਰਿਹੈ ਨੌਕਰੀ
Friday, Jan 13, 2023 - 06:51 PM (IST)
ਬਿਜ਼ਨੈੱਸ ਡੈਸਕ- ਦੁਨੀਆ ਭਰ 'ਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ, ਪਰ ਇਸ ਦਾ ਭਿਆਨਕ ਅਸਰ ਪੂਰਬ ਏਸ਼ੀਆਈ ਦੇਸ਼ਾਂ ਚੀਨ, ਜਾਪਾਨ ਅਤੇ ਦੱਖਣੀ ਕੋਰੀਆ 'ਚ ਸਭ ਤੋਂ ਪਹਿਲਾਂ ਦਿਖਣਾ ਸ਼ੁਰੂ ਹੋਇਆ ਹੈ। ਇਥੇ ਦੇ ਵਰਕਫੋਰਸ 'ਚ ਵੱਡਾ ਹਿੱਸਾ ਬਜ਼ੁਰਗਾਂ ਦਾ ਹੈ। ਵਰਕਫੋਰਸ ਬਜ਼ੁਰਗਾਂ ਦੀ ਵਧਦੀ ਗਿਣਤੀ ਲਈ ਵੱਖ-ਵੱਖ ਨਿਯਮ ਬਣਾ ਰਿਹਾ ਹੈ।
ਵਨ ਚਾਈਲਡ ਪਾਲਿਸੀ ਵਾਲੇ ਚੀਨ ਦੇ ਵਰਕਫੋਰਸ 'ਚ ਹਰ ਪੰਜਵਾਂ ਕਰਮਚਾਰੀ 60 ਸਾਲ ਤੋਂ ਉੱਪਰ ਦਾ ਹੈ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਤੋਂ ਨਿਪਟਣ ਲਈ ਚੀਨ 45 ਤੋਂ 60 ਸਾਲ ਦੇ ਨਿਯਮਿਤ ਕਰਮਚਾਰੀਆਂ ਨੂੰ ਅਘੋਸ਼ਿਤ ਤੌਰ 'ਤੇ ਸਮੇਂ ਤੋਂ ਪਹਿਲੇ ਰਿਟਾਇਰ ਕਰ ਰਿਹਾ ਹੈ। ਉਨ੍ਹਾਂ ਦੀ ਜਗ੍ਹਾ 'ਤੇ ਨੌਜਵਾਨਾਂ ਨੂੰ ਨਿਯਮਿਤ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਪਿੱਛੇ ਚੀਨ ਦੀ ਇੱਛਾ ਇਹ ਹੈ ਕਿ ਇਹ ਲੰਬੇ ਸਮੇਂ ਤੱਕ ਵਰਕਫੋਰਸ ਦਾ ਹਿੱਸਾ ਬਣੇ ਰਹਿਣਗੇ। ਜਦੋਂ ਕਿ ਸਮੇਂ ਤੋਂ ਪਹਿਲਾਂ ਰਿਟਾਇਰ ਕੀਤੇ ਗਏ 45 ਸਾਲ ਤੋਂ ਜ਼ਿਆਦਾ ਉਮਰ ਦੇ ਇਹ ਨਿਯਮਿਤ ਕਰਮਚਾਰੀ ਹੁਣ ਗਿਗ ਵਰਕਿੰਗ ਕਰ ਰਹੇ ਹਨ। ਇਹ ਲੋਕ ਦੁਕਾਨਾਂ, ਸਫਾਈ ਕਰਮਚਾਰੀ, ਡਿਲਿਵਰੀ ਬੁਆਏ, ਡਰਾਈਵਰ ਅਤੇ ਗਾਰਡ ਵਰਗੀਆਂ ਨੌਕਰੀਆਂ ਕਰ ਰਹੇ ਹਨ। ਚੀਨ ਨੇ ਪੈਨਸ਼ਨ ਵੀ ਨਹੀਂ ਵਧਾਈ। ਨੌਜਵਾਨ ਕਰਮਚਾਰੀ ਘੱਟ ਸੈਲਰੀ ਦੀ ਵਜ੍ਹਾ ਨਾਲ ਕਈ ਸਾਰੇ ਕੰਮ ਨਹੀਂ ਕਰਨਾ ਚਾਹੁੰਦੇ।
ਦੂਜੇ ਪਾਸੇ ਜਾਪਾਨ ਅਤੇ ਦੱਖਣੀ ਕੋਰੀਆ 'ਚ ਬਜ਼ੁਰਗਾਂ ਲਈ ਰਿਟਾਇਰ ਹੋਣਾ ਸੁਫ਼ਨੇ ਵਰਗਾ ਹੋ ਗਿਆ ਹੈ। ਕੰਪਨੀਆਂ ਨੂੰ ਕਰਮਚਾਰੀ ਅਤੇ ਕਰਮਚਾਰੀਆਂ ਨੂੰ ਕੰਮ ਦੀ ਲੋੜ ਹੈ। ਇਸ ਲਈ ਇਹ ਦੇਸ਼ ਰਿਟਾਇਰਮੈਂਟ ਦੀ ਕਾਨੂੰਨੀ ਉਮਰ ਸੀਮਾ ਵਧਾਉਣਾ ਚਾਹੁੰਦੇ ਹਨ। ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਜਾਪਾਨ 'ਚ ਹਰ ਚੌਥਾ ਕਰਮਚਾਰੀ ਬਜ਼ੁਰਗ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਕੋਲ ਰਿਟਾਇਰ ਹੋਣ ਦਾ ਕੋਈ ਬਦਲ ਨਹੀਂ ਹੈ। ਦੱਖਣੀ ਕੋਰੀਆ 'ਚ 65 ਸਾਲ ਤੋਂ ਜ਼ਿਆਦਾ ਦੇ ਕਰੀਬ 40 ਫੀਸਦੀ ਬਜ਼ੁਰਗ ਇੰਨੇ ਗਰੀਬ ਹਨ ਕਿ ਰਿਟਾਇਰਮੈਂਟ ਅਫੋਰਡ ਨਹੀਂ ਕਰ ਸਕਦੇ। ਹਾਂਗਕਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ 'ਚ ਸੋਸ਼ਲ ਸਾਇੰਸ ਦੇ ਪ੍ਰੋਫੈਸਰ ਸਟੁਅਰਟ ਗੈਟੇਲ ਬਾਸਟੇਨ ਕਹਿੰਦੇ ਹਨ ਕਿ ਹਾਲਤ ਤੇਜ਼ੀ ਨਾਲ ਬਦਲ ਰਹੇ ਹਨ। ਅਜਿਹੇ 'ਚ ਸਾਨੂੰ ਹੋਰ ਸੰਸਥਾਵਾਂ ਨੂੰ ਕਈ ਬਦਲਾਵਾਂ 'ਚੋਂ ਲੰਘਣਾ ਅਤੇ ਉਸ ਨੂੰ ਸਵੀਕਾਰ ਕਰਨਾ ਹੋਵੇਗਾ।