US ਨਾਲ ਵਪਾਰ ਯੁੱਧ ਕਾਰਨ ਚੀਨ ਦੀ ਅਰਥਵਿਵਸਥਾ ਨੂੰ ਤਕੜਾ ਝਟਕਾ

Monday, Jul 15, 2019 - 01:47 PM (IST)

US ਨਾਲ ਵਪਾਰ ਯੁੱਧ ਕਾਰਨ ਚੀਨ ਦੀ ਅਰਥਵਿਵਸਥਾ ਨੂੰ ਤਕੜਾ ਝਟਕਾ

ਬੀਜਿੰਗ— ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਨਾਲ ਵਪਾਰ ਯੁੱਧ ਕਾਰਨ ਚੀਨ ਦੀ ਅਰਥਵਿਵਸਥਾ ਲੀਂਹੋ ਉਤਰ ਗਈ ਹੈ। ਸੋਮਵਾਰ ਨੂੰ ਜਾਰੀ ਹੋਏ ਡਾਟਾ ਮੁਤਾਬਕ, ਇਸ ਸਾਲ ਦੀ ਦੂਜੀ ਤਿਮਾਹੀ 'ਚ ਚੀਨ ਦੀ ਜੀ. ਡੀ. ਪੀ. 6.2 ਫੀਸਦੀ ਦੀ ਦਰ ਨਾਲ ਵਧੀ ਹੈ, ਜੋ ਘੱਟੋ-ਘੱਟ 27 ਸਾਲਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 1992 ਦੀ ਪਹਿਲੀ ਤਿਮਾਹੀ 'ਚ ਚੀਨ ਨੇ ਇੰਨੀ ਗ੍ਰੋਥ ਦਰਜ ਕੀਤੀ ਸੀ।

 

ਚੀਨ ਦੇ 'ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ' ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਪਹਿਲੀ ਤਿਮਾਹੀ 'ਚ ਜੀ. ਡੀ. ਪੀ. ਵਿਕਾਸ ਦਰ 6.4 ਫੀਸਦੀ ਸੀ। ਖਾਸ ਗੱਲ ਇਹ ਹੈ ਕਿ 2009 'ਚ ਗਲੋਬਲ ਮੰਦੀ ਦੌਰਾਨ ਵੀ ਚੀਨ ਦੀ ਤਿਮਾਹੀ ਜੀ. ਡੀ. ਪੀ. ਵਿਕਾਸ ਦਰ 6.4 ਫੀਸਦੀ ਤੋਂ ਘੱਟ ਨਹੀਂ ਹੋਈ ਸੀ, ਜੋ ਇਸ ਸਾਲ ਅਪ੍ਰੈਲ-ਜੂਨ 'ਚ 6.2 ਫੀਸਦੀ ਦੀ ਸਭ ਤੋਂ ਸੁਸਤ ਰਫਤਾਰ ਨਾਲ ਵਧੀ ਹੈ। ਹਾਲਾਂਕਿ ਇਹ ਬੀਜਿੰਗ ਵੱਲੋਂ ਸਾਲ ਲਈ 6 ਤੋਂ 6.5 ਫੀਸਦੀ ਜੀ. ਡੀ. ਪੀ. ਲਈ ਰੱਖੇ ਟੀਚੇ ਦੇ ਅੰਦਰ ਹੈ ਪਰ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕੀ ਵਪਾਰ ਯੁੱਧ ਕਾਰਨ ਚੀਨ ਦੀ ਅਰਥਵਿਵਸਥਾ ਕਾਫੀ ਦਬਾਅ 'ਚ ਹੈ। ਵਪਾਰ ਯੁੱਧ ਕਾਰਨ ਚੀਨ ਦੀ ਮਾਰਕੀਟਿੰਗ ਅਤੇ ਪ੍ਰਾਡਕਸ਼ਨ ਕਾਫੀ ਪ੍ਰਭਾਵਿਤ ਹੋ ਰਹੇ ਹਨ।

ਚੀਨੀ ਅੰਕੜਾ ਬਿਊਰੋ ਮੁਤਾਬਕ, ਬਾਹਰੀ ਅਨਿਸ਼ਚਿਤਤਾਵਾਂ 'ਚ ਵਾਧਾ ਹੋਣ ਕਾਰਨ ਅਰਥਵਿਵਸਥਾ ਇਕ ਗੁੰਝਲਦਾਰ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਜੇਕਰ ਅਮਰੀਕਾ-ਚੀਨ ਵਪਾਰ ਯੁੱਧ ਜਾਰੀ ਰਹਿੰਦਾ ਹੈ ਤਾਂ ਗਲੋਬਲ ਪੱਧਰ 'ਤੇ ਆਰਥਿਕ ਮੰਦੀ ਦਾ ਖਦਸ਼ਾ ਹੈ। ਬੀਜਿੰਗ ਨੇ ਅਰਥਵਿਵਸਥਾ 'ਚ ਜਾਨ ਪਾਉਣ ਲਈ ਇਸ ਸਾਲ ਕਈ ਕਦਮ ਚੁੱਕੇ ਹਨ ਪਰ ਉਹ ਘਰੇਲੂ ਤੇ ਵਿਦੇਸ਼ੀ ਮੰਗ ਨੂੰ ਵਧਾਉਣ ਲਈ ਨਾਕਾਫੀ ਸਾਬਤ ਹੋਏ ਹਨ। ਵਪਾਰ ਨੂੰ ਲੈ ਕੇ ਖਿੱਚੋਤਾਣ ਕਾਰਨ ਅਮਰੀਕੀ ਪ੍ਰਾਡਕਸ਼ਨ 'ਤੇ ਵੀ ਪ੍ਰਭਾਵ ਦਿਸੇਗਾ।


Related News