‘ਚੀਨ ’ਚ ਮਹਾਮਾਰੀ ਤੋਂ ਬਾਅਦ ਸੁਧਾਰ ਦੀ ਰਫਤਾਰ ਵਿਗੜਨ ਕਾਰਨ ਆਰਥਿਕ ਵਾਧਾ ਸੁਸਤ ਪਿਆ’
Friday, Jul 16, 2021 - 10:53 AM (IST)
ਪੇਈਚਿੰਗ (ਭਾਸ਼ਾ) – ਕੋਵਿਡ-19 ਮਹਾਮਾਰੀ ਤੋਂ ਬਾਅਦ ਚੀਨ ’ਚ ਆਰਥਿਕ ਸੁਧਾਰ ਤੋਂ ਬਾਅਦ ਹੁਣ ਸੁਸਤੀ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ ਅਤੇ ਸਾਲ-ਦਰ-ਸਾਲ ਆਧਾਰ ’ਤੇ ਪਹਿਲੀ ਤਿਮਾਹੀ ’ਚ 18.3 ਫੀਸਦੀ ਵਾਧਾ ਦਰ ਦੇ ਮੁਕਾਬਲੇ ਦੂਜੀ ਤਿਮਾਹੀ ’ਚ ਅਰਥਵਿਵਸਥਾ 7.9 ਫੀਸਦੀ ਦੀ ਦਰ ਨਾਲ ਵਧੀ।
ਰਾਸ਼ਟਰੀ ਸਟੈਟਿਕਸ ਬਿਊਰੋ (ਐੱਨ. ਬੀ. ਐੱਸ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਜੀ. ਡੀ. ਪੀ. ਦੂਜੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 7.9 ਫੀਸਦੀ ਵਧੀ। ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਤਿਮਾਹੀ ਆਧਾਰ ’ਤੇ ਅਰਥਵਿਵਸਥਾ 1.3 ਫੀਸਦੀ ਦੀ ਦਰ ਨਾਲ ਵਧੀ। ਹੋਰ ਆਰਥਿਕ ਸੰਕੇਤਕਾਂ ਦੀ ਗੱਲ ਕਰੀਏ ਤਾਂ ਪਹਿਲੀ ਛਿਮਾਹੀ ’ਚ ਉਦਯੋਗਿਕ ਉਤਪਾਦਨ ’ਚ 15.9 ਫੀਸਦੀ ਅਤੇ ਪ੍ਰਚੂਨ ਵਿਕਰੀ ’ਚ 23 ਫੀਸਦੀ ਦੇ ਸਾਲਾਨਾ ਵਾਧੇ ਨਾਲ ਸੁਧਾਰ ਦੇਖਣ ਨੂੰ ਮਿਲਿਆ। ਸਰਵੇਖਣ ’ਚ ਸ਼ਹਿਰੀ ਬੇਰੋਜ਼ਗਾਰੀ ਦਰ ਜੂਨ ’ਚ 5 ਫੀਸਦੀ ਰਹੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 0.7 ਫੀਸਦੀ ਘੱਟ ਹੈ। ਐੱਨ. ਬੀ. ਐੱਸ. ਦੇ ਅੰਕੜਿਆਂ ਮੁਤਾਬਕ ਪਹਿਲੀ ਛਿਮਾਹੀ ’ਚ ਕੁੱਲ 69.8 ਲੱਖ ਨਵੇਂ ਸ਼ਹਿਰੀ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਜੋ ਸਾਲਾਨਾ ਟੀਚੇ ਦਾ 63.5 ਫੀਸਦੀ ਹੈ।