ਸਸਤੀ ਸਟੀਲ ਨਾਲ ਚੀਨ ਵਿਚ ਹੜਕੰਪ, ਮਿੱਲਾਂ ਨੇ ਉਤਪਾਦਨ ਘਟਾਇਆ

Friday, Nov 12, 2021 - 01:00 PM (IST)

ਜਲੰਧਰ (ਬਿਜ਼ਨੈੱਸ ਡੈਸਕ) - ਅੰਤਰਰਾਸ਼ਟਰੀ ਬਾਜ਼ਾਰ ਵਿਚ ਸਟੀਲ ਦੀ ਘੱਟ ਹੁੰਦੀ ਮੰਗ ਦੌਰਾਨ ਚੀਨ ਦੀਆਂ ਸਟੀਲ ਮਿੱਲਾਂ ਨੇ ਸਟੀਲ ਦੇ ਉਤਪਾਦਨ ਵਿਚ ਕਟੌਤੀ ਕਰ ਦਿੱਤੀ ਹੈ। ਨਵੰਬਰ ਮਹੀਨੇ ਦੇ ਪਹਿਲੇ 10 ਦਿਨਾਂ ਵਿਚ ਚੀਨ ਦੀ 247 ਫਰਨੇਸ ਮਿੱਲਾਂ ਨੇ ਪ੍ਰਤੀ ਦਿਨ 2.48 ਮਿਲੀਅਨ ਟਨ ਸਟੀਲ ਦਾ ਉਤਪਾਦਨ ਕੀਤਾ ਹੈ ਅਤੇ ਇਹ ਅਕਤੂਬਰ ਮਹੀਨੇ ਦੇ ਮੁਕਾਬਲੇ ਵੀ 3.6 ਫੀਸਦੀ ਘੱਟ ਹੈ। ਚੀਨ ਵਿਚ ਸਟੀਲ ਉਤਪਾਦਨ 20 ਮਹੀਨਿਆਂ ਦੇ ਹੇਠਲੇ ਪੱਧਰ ਉੱਤੇ ਆ ਗਿਆ ਹੈ । ਦਰਅਸਲ ਮਿੱਲਾਂ ਨੂੰ ਹੁਣ ਸਟੀਲ ਦਾ ਜ਼ਿਆਦਾ ਉਤਪਾਦਨ ਫਾਇਦੇ ਦਾ ਸੌਦਾ ਨਹੀਂ ਲੱਗ ਰਿਹਾ ਕਿਉਂਕਿ ਸਰਕਾਰ ਦੀ ਸਖਤੀ ਕਾਰਨ ਚੀਨ ਵਿਚ ਸਟੀਲ ਦੀਆਂ ਕੀਮਤਾਂ ਲਗਾਤਾਰ ਘੱਟ ਹੋ ਰਹੀਆਂ ਹਨ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਸਟੀਲ ਦੀ ਮੰਗ ਫਿਲਹਾਲ ਘੱਟ ਹੈ, ਲਿਹਾਜ਼ਾ ਮਿੱਲਾਂ ਨੇ ਉਤਪਾਦਨ ਵਿਚ ਕਮੀ ਕਰਨ ਦਾ ਫੈਸਲਾ ਕੀਤਾ ਹੈ। ਚੀਨ ਦੀ ਸਰਕਾਰ ਵੱਲੋਂ ਵਾਤਾਵਰਣ ਸਬੰਧੀ ਆਪਣੀਆਂ ਚਿੰਤਾਵਾਂ ਨੂੰ ਵੇਖਦੇ ਹੋਏ ਉੱਤਰੀ ਚੀਨ ਦੀਆਂ ਕਈ ਮਿੱਲਾਂ ਉੱਤੇ ਸਖਤੀ ਵੀ ਕੀਤੀ ਗਈ ਹੈ, ਇਸ ਦਾ ਵੀ ਉਤਪਾਦਨ ਉੱਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : Spicejet ਦੇ ਯਾਤਰੀ ਹੁਣ ਕਿਸ਼ਤਾਂ 'ਚ ਕਰ ਸਕਣਗੇ ਟਿਕਟਾਂ ਦਾ ਭੁਗਤਾਨ, ਜਾਣੋ ਕੀ ਹੈ ਸਕੀਮ

ਇੰਡਸਟਰੀ ਵਿਚ ਹਾਹਾਕਾਰ, ਮਿੱਲਾਂ ਨੇ ਸਟੀਲ ਦੀ ਡਲਿਵਰੀ ਦੇਣ ਤੋਂ ਕੀਤਾ ਮਨ੍ਹਾ

ਚੀਨ ਦੀ ਸਰਕਾਰ ਵੱਲੋਂ ਦੇਸ਼ ਵਿਚ ਸਟੀਲ ਦੀਆਂ ਕੀਮਤਾਂ ਉੱਤੇ ਕਾਬੂ ਪਾਉਣ ਲਈ ਲਾਈਆਂ ਪਾਬੰਦੀਆਂ ਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਰਕਾਰੀ ਪ੍ਰਭਾਵ ਨਾਲ ਆਇਰਨ ਅਤੇ ਕੋਕ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਕੰਪਨੀਆਂ ਦਾ ਇਨਪੁੱਟ ਕਾਸਟ ਤਾਂ ਘੱਟ ਹੋਇਆ ਹੈ ਪਰ ਤਿਆਰ ਪ੍ਰਾਡਕਟ ਦੀਆਂ ਕੀਮਤਾਂ ਵੀ ਕਮੋਡਿਟੀ ਐਕਸਚੇਂਜ ਉੱਤੇ ਮੂੰਧੇ ਮੂੰਹ ਆ ਗਈਆਂ ਹਨ। ਚੀਨ ਵਿਚ ਐਕਸਚੇਂਜ ਦੀਆਂ ਸਟੀਲ ਕੀਮਤਾਂ ਅਤੇ ਬਾਜ਼ਾਰ ਦੀਆਂ ਅਸਲ ਸਟੀਲ ਕੀਮਤਾਂ ਵਿਚ ਭਾਰੀ ਅੰਤਰ ਹੋਣ ਕਾਰਨ ਉੱਤਰੀ ਚੀਨ ਦੀਆਂ ਕੁੱਝ ਮਿੱਲਾਂ ਨੇ ਸ਼ੰਘਾਈ ਸਟਾਕ ਐਕਸਚੇਂਜ ਵਿਚ ਹੋਏ ਸਟੀਲ ਦੇ ਜਨਵਰੀ ਦੇ ਸੌਦਿਆਂ ਦੀ ਡਲਿਵਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਸ਼ੰਘਾਈ ਸਟਾਕ ਐਕਸਚੇਂਜ ਵਿਚ ਜਨਵਰੀ ਮਹੀਨੇ ਦੇ ਰੈਬਰ ਦੇ ਫੀਚਰ ਸੌਦੇ 664 ਡਾਲਰ ਪ੍ਰਤੀ ਟਨ ਦੇ ਨੇੜੇ-ਤੇੜੇ ਹਨ ਅਤੇ ਇਹ ਪਿਛਲੇ ਮਹੀਨੇ ਦੇ ਮੁਕਾਬਲੇ 27 ਫੀਸਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ। ਲਿਹਾਜ਼ਾ ਮਿੱਲਾਂ ਲਈ ਐਕਸਚੇਂਜ ਨੂੰ ਡਲਿਵਰੀ ਦੇ ਪਾਉਣਾ ਆਸਾਨ ਨਹੀਂ ਰਹਿ ਗਿਆ ਹੈ ਕਿਉਂਕਿ ਐਕਸਚੇਂਜ ਦੇ ਮੁਕਾਬਲੇ ਬਾਜ਼ਾਰ ਦੀਆਂ ਕੀਮਤਾਂ ਕਾਫੀ ਜ਼ਿਆਦਾ ਹਨ।

ਇਹ ਵੀ ਪੜ੍ਹੋ : ਗੂਗਲ ਨੂੰ ਇਕ ਹੋਰ ਵੱਡਾ ਝਟਕਾ, ਲੱਗਾ 2.8 ਬਿਲੀਅਨ ਡਾਲਰ ਦਾ ਜੁਰਮਾਨਾ

ਚੀਨ ਦੀਆਂ ਫਰਨੇਸ ਮਿੱਲਾਂ ਦਾ ਲਾਭ ਡਿੱਗਿਆ

ਚੀਨ ਵਿਚ ਸਟੀਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦਾ ਅਸਰ ਦੇਸ਼ ਦੀਆਂ ਫਰਨੇਸ ਮਿੱਲਾਂ ਦੇ ਲਾਭ ਉੱਤੇ ਪਿਆ ਹੈ। ਅਕਤੂਬਰ ਮਹੀਨੇ ਵਿਚ ਚੀਨ ਦੀਆਂ 91 ਫਰਨੇਸ ਮਿੱਲਾਂ ਦੇ ਲਾਭ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦਰਅਸਲ ਅਕਤੂਬਰ ਮਹੀਨੇ ਵਿਚ ਆਇਰਨ ਤੋਂ ਇਲਾਵਾ ਕੋਕ ਦੀਆਂ ਕੀਮਤਾਂ ਵਿਚ ਵੀ ਕਾਫੀ ਤੇਜ਼ੀ ਸੀ। ਲਿਹਾਜ਼ਾ ਇਸ ਨਾਲ ਸਟੀਲ ਮਿੱਲਾਂ ਦੀ ਲਾਗਤ ਵਿਚ ਕਾਫੀ ਵਾਧਾ ਹੋ ਗਿਆ ਪਰ ਮੰਗ ਵਿਚ ਕਮੀ ਅਤੇ ਚੀਨ ਦੀ ਸਖਤੀ ਕਾਰਨ ਸਟੀਲ ਦੀਆਂ ਕੀਮਤਾਂ ਵਿਚ ਗਿਰਾਵਟ ਆ ਗਈ ਅਤੇ ਇਸ ਨਾਲ ਮਿੱਲਾਂ ਦੇ ਲਾਭ ਉੱਤੇ ਭਾਰੀ ਪ੍ਰਭਾਵ ਪਿਆ ਹੈ।

ਇਹ ਵੀ ਪੜ੍ਹੋ : Tesla ਦੇ ਮਾਲਕ Elon Musk ਨੇ ਵੇਚੇ ਸ਼ੇਅਰ, ਜਾਣੋ ਕਿੰਨੀ ਮਿਲੀ ਰਕਮ

ਭਾਰਤ ਵਿਚ ਸਸਤਾ ਹੋ ਸਕਦੈ ਸਟੀਲ

ਦੇਸ਼ ਵਿਚ ਸਟੀਲ ਦੀਆਂ ਕੀਮਤਾਂ ਵਿਚ ਆਉਣ ਵਾਲੇ ਦਿਨਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਅਜਿਹਾ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਟੀਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਸੰਭਵ ਹੈ। ਦਰਅਸਲ ਇਸ ਹਫਤੇ ਇੰਡੀਆ ਦਾ ਹਾਟ ਰੋਡ ਕੋਲ ਇੰਡੈਕਸ 2 ਡਾਲਰ ਪ੍ਰਤੀ ਟਨ ਡਿੱਗਿਆ ਹੈ। ਇਸ ਵਿਚ ਜੁਆਇੰਟ ਪਲਾਂਟ ਕਮੇਟੀ ਦੀ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ਵਿਚ ਭਾਰਤ ਨੇ 1.055 ਮਿਲੀਅਨ ਟਨ ਸਟੀਲ ਦੀ ਬਰਾਮਦ ਕੀਤੀ ਹੈ ਅਤੇ ਇਹ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਕਾਬਲੇ 22 ਫੀਸਦੀ ਘੱਟ ਹੈ। ਬਰਾਮਦ ਵਿਚ ਇਹ ਗਿਰਾਵਟ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਟੀਲ ਦੀ ਮੰਗ ਵਿਚ ਗਿਰਾਵਟ ਕਾਰਨ ਆਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸਟੀਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਹੁਣ ਮਿੱਲਾਂ ਨੂੰ ਇਹ ਸਟੀਲ ਘਰੇਲੂ ਬਾਜ਼ਾਰ ਵਿਚ ਵੇਚਣਾ ਪੈ ਸਕਦਾ ਹੈ, ਜਿਸ ਨਾਲ ਮੰਗ ਦੀ ਬਜਾਏ ਸਪਲਾਈ ਵਧਣ ਕਾਰਨ ਸਟੀਲ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ, ਇਨ੍ਹਾਂ 102 ਵਸਤੂਆਂ ਦੀ ਦਰਾਮਦ ਘਟਾਉਣ ਦੇ ਦਿੱਤੇ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News