ਸਰਕਾਰ ਦਾ ਵੱਡਾ ਕਦਮ, ਪੰਜ ਲੱਖ ਲੋਕਾਂ ਨੂੰ ਮਿਲ ਸਕਦੀ ਹੈ ਸਰਕਾਰੀ ਨੌਕਰੀ

06/09/2019 2:11:04 PM

ਨਵੀਂ ਦਿੱਲੀ— ਭਾਰੀ ਜਿੱਤ ਨਾਲ ਸੱਤਾ 'ਚ ਦੁਬਾਰਾ ਪਰਤੀ ਨਰਿੰਦਰ ਮੋਦੀ ਸਰਕਾਰ ਇਸ ਵਾਰ ਰੋਜ਼ਗਾਰ 'ਤੇ ਸਭ ਤੋਂ ਵੱਧ ਜ਼ੋਰ ਦੇਣ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਸਰਕਾਰ ਵੱਖ-ਵੱਖ ਕੇਂਦਰੀ ਵਿਭਾਗਾਂ 'ਚ ਦੋ ਸਾਲਾਂ ਦੌਰਾਨ 5 ਲੱਖ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ।

 

 

ਇਸ ਕਦਮ ਨਾਲ ਖਜ਼ਾਨੇ 'ਤੇ ਤਨਖਾਹਾਂ ਦੇ ਬਿੱਲ ਦਾ ਬੋਝ ਵਧੇਗਾ ਪਰ ਇਸ ਦੇ ਬਾਵਜੂਦ ਅਗਲੇ 2 ਸਾਲਾਂ ਦੌਰਾਨ ਪੰਜ ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਹੈ। ਪਿਛਲੇ ਕਾਰਜਕਾਲ 'ਚ ਰੋਜ਼ਗਾਰ ਨੂੰ ਰਫਤਾਰ ਨਾ ਦੇ ਸਕੀ ਸਰਕਾਰ ਨੇ ਇਸ ਵਾਰ ਹਾਲ ਹੀ 'ਚ ਇਸ ਸੰਬੰਧੀ ਇਕ ਕੈਬਨਿਟ ਕਮੇਟੀ ਦਾ ਗਠਨ ਕੀਤਾ ਹੈ। 2017-18 ਦੌਰਾਨ ਸ਼ਹਿਰਾਂ ਤੇ ਪਿੰਡਾਂ 'ਚ ਬੇਰੋਜ਼ਗਾਰੀ ਵੱਡੇ ਪੱਧਰ 'ਤੇ ਰਹੀ ਸੀ। 2017-18 ਦੌਰਾਨ ਨੌਕਰੀਯੋਗ ਸ਼ਹਿਰੀ ਨੌਜਵਾਨਾਂ 'ਚੋਂ 7.8 ਫੀਸਦੀ ਬੇਰੋਜ਼ਗਾਰ ਸਨ, ਜਦੋਂ ਕਿ ਪਿੰਡਾਂ 'ਚ ਇਹ ਅੰਕੜਾ 5.3 ਫੀਸਦੀ ਸੀ।

ਇਨ੍ਹਾਂ 'ਚ ਨਿਕਲ ਸਕਦੀ ਹੈ ਭਰਤੀ-
ਕੇਂਦਰ ਸਰਕਾਰ ਵੱਲੋਂ ਰੇਲਵੇ, ਕੇਂਦਰੀ ਪੁਲਸ, ਫੌਜ, ਕੇਂਦਰੀ ਸਕੂਲਾਂ, ਉੱਪਰੀ ਤੇ ਹੇਠਲੀਆਂ ਅਦਾਲਤਾਂ ਤੇ ਡਾਕਘਰ ਵਿਭਾਗ 'ਚ ਭਰਤੀ ਕੱਢੀ ਜਾ ਸਕਦੀ ਹੈ। ਇਨ੍ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਦਸੰਬਰ 2018 ਤਕ ਕੁੱਲ ਮਿਲਾ ਕੇ ਪੰਜ ਲੱਖ ਤੋਂ ਵੱਧ ਖਾਲੀ ਸੀਟਾਂ ਸਨ। ਸੂਤਰਾਂ ਮੁਤਾਬਕ, ਸਰਕਾਰ ਸੰਘ ਲੋਕ ਸੇਵਾ ਕਮਿਸ਼ਨ, ਸਟਾਫ ਚੋਣ ਕਮਿਸ਼ਨ ਤੇ ਰੇਲਵੇ ਭਰਤੀ ਬੋਰਡ ਵੱਲੋਂ ਭਰਤੀ ਦੀ ਹੌਲੀ ਰਫਤਾਰ ਨਾਲ ਖੁਸ਼ ਨਹੀਂ ਹੈ। ਸਰਕਾਰ ਦੀ ਯੋਜਨਾ ਕੇਂਦਰੀ ਪੁਲਸ ਬਲਾਂ ਦੀ ਭਰਤੀ ਲਈ ਇਕ ਵੱਖਰਾ ਭਰਤੀ ਬੋਰਡ ਬਣਾਉਣ ਦੀ ਹੈ।


Related News