‘ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਵੰਡ ਹੋ ਚੁੱਕੇ ਹਨ 50,850 ਕਰੋਡ਼ ਰੁਪਏ’

Saturday, Feb 22, 2020 - 10:51 PM (IST)

‘ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਵੰਡ ਹੋ ਚੁੱਕੇ ਹਨ 50,850 ਕਰੋਡ਼ ਰੁਪਏ’

ਨਵੀਂ ਦਿੱਲੀ (ਭਾਸ਼ਾ)-ਕੇਂਦਰ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ’ਚ ਹੁਣ ਤੱਕ 50,850 ਕਰੋਡ਼ ਰੁਪਏ ਦੀ ਵੰਡ ਕੀਤੀ ਗਈ ਹੈ। ਇਸ ਯੋਜਨਾ ਦਾ 24 ਫਰਵਰੀ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਖੇਤੀ ਮੰਤਰਾਲਾ ਨੇ ਇਸ ਤੋਂ ਪਹਿਲਾਂ ਯੋਜਨਾ ਨਾਲ ਜੁਡ਼ੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਪਿਛਲੇ ਸਾਲ 24 ਫਰਵਰੀ ਨੂੰ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਸਾਲ ’ਚ 3 ਕਿਸ਼ਤਾਂ ’ਚ 6000 ਰੁਪਏ ਦੀ ਮਦਦ ਮਿਲਦੀ ਹੈ। ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ. ਐੱਮ.-ਕਿਸਾਨ) ਯੋਜਨਾ ਦਾ 24 ਫਰਵਰੀ 2020 ਨੂੰ ਇਕ ਸਾਲ ਹੋਣ ਵਾਲਾ ਹੈ।’’ ਬਿਆਨ ’ਚ ਕਿਹਾ ਗਿਆ ਕਿ ਦੇਸ਼ ਭਰ ’ਚ ਕਿਸਾਨਾਂ ਦੇ ਪਰਿਵਾਰਾਂ ਨੂੰ ਆਮਦਨ ’ਚ ਮਦਦ ਕਰਨ ਅਤੇ ਉਨ੍ਹਾਂ ਨੂੰ ਖੇਤੀ ਕੰਮਾਂ ਸਮੇਤ ਘਰੇਲੂ ਖਰਚ ’ਚ ਸਮਰੱਥ ਬਣਾਉਣ ਲਈ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।

ਖੇਤੀ ਗਣਨਾ 2015-16 ਦੇ ਮੁਲਾਂਕਣ ਅਨੁਸਾਰ ਇਸ ਯੋਜਨਾ ’ਚ 14 ਕਰੋਡ਼ ਕਿਸਾਨਾਂ ਨੂੰ ਲਾਭ ਮਿਲ ਸਕਦਾ ਹੈ। ਇਸ ਸਾਲ 20 ਫਰਵਰੀ ਤੱਕ 8.46 ਕਰੋਡ਼ ਕਿਸਾਨਾਂ ਨੂੰ ਯੋਜਨਾ ਦੀ ਰਾਸ਼ੀ ਮਿਲ ਚੁੱਕੀ ਹੈ। ਇਹ ਯੋਜਨਾ ਦਸੰਬਰ 2018 ਤੋਂ ਲਾਗੂ ਹੈ। ਲਾਭਪਾਤਰੀਆਂ ਦੀ ਪਛਾਣ ਕਰਨ ਦੀ ਸਮਾਂ-ਹੱਦ 1 ਫਰਵਰੀ 2019 ਰੱਖੀ ਗਈ ਸੀ। ਇਹ ਕੰਮ ਸੂਬਾ ਸਰਕਾਰਾਂ ਦੇ ਜ਼ਿੰਮੇ ਸੀ। ਇਸ ਯੋਜਨਾ ਤਹਿਤ ਸ਼ੁਰੂਆਤ ’ਚ ਸਿਰਫ ਉਨ੍ਹਾਂ ਛੋਟੇ ਕਿਸਾਨਾਂ ਨੂੰ ਲਾਭ ਮਿਲਣਾ ਸੀ, ਜਿਨ੍ਹਾਂ ਕੋਲ 2 ਏਕਡ਼ ਜਾਂ ਇਸ ਤੋਂ ਘੱਟ ਜ਼ਮੀਨ ਹੈ। ਹਾਲਾਂਕਿ ਬਾਅਦ ’ਚ ਸਾਰੇ ਛੋਟੇ-ਵੱਡੇ ਕਿਸਾਨਾਂ ਨੂੰ ਇਸ ਦੇ ਯੋਗ ਬਣਾ ਦਿੱਤਾ ਗਿਆ।


author

Karan Kumar

Content Editor

Related News