ਉਡਾਣਾਂ ਰੱਦ ਹੋਣ ਨਾਲ ਇੰਡੀਗੋ ਦੇ 1.08 ਲੱਖ ਤੋਂ ਜ਼ਿਆਦਾ ਯਾਤਰੀ ਹੋਏ ਪ੍ਰਭਾਵਿਤ
Monday, Jul 30, 2018 - 12:40 AM (IST)

ਨਵੀਂ ਦਿੱਲੀ— ਇੰਡੀਗੋ ਵੱਲੋਂ ਵੱਡੇ ਪੱਧਰ 'ਤੇ ਉਡਾਣਾਂ ਰੱਦ ਕੀਤੇ ਜਾਣ ਨਾਲ 1.08 ਲੱਖ ਤੋਂ ਜ਼ਿਆਦਾ ਯਾਤਰੀ ਪ੍ਰਭਾਵਿਤ ਹੋਏ। ਇਹ ਗੱਲ ਸਰਕਾਰੀ ਅੰਕੜਿਆਂ 'ਚ ਸਾਹਮਣੇ ਆਈ ਹੈ। ਸਾਲ ਦੇ ਪਹਿਲੇ ਪੰਜ ਮਹੀਨੇ ਯਾਨੀ ਕਿ ਮਈ ਤੱਕ ਇਸ ਏਅਰਲਾਈਨ ਕੰਪਨੀ ਨੇ 1824 ਉਡਾਣਾਂ ਰੱਦ ਕੀਤੀਆਂ, ਜਿਸ ਨਾਲ 1,08,549 ਯਾਤਰੀ ਪ੍ਰਭਾਵਿਤ ਹੋਏ ਜੋ ਘਰੇਲੂ ਜਹਾਜ਼ ਕੰਪਨੀਆਂ 'ਚ ਸਭ ਤੋਂ ਜ਼ਿਆਦਾ ਹੈ।
ਇਹ ਅੰਕੜਾ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨ੍ਹਾ ਵੱਲੋਂ ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਦੱਸਿਆ ਗਿਆ। ਹਾਲਾਂਕਿ ਇਸ ਜਵਾਬ 'ਚ ਉਡਾਣ ਰੱਦ ਹੋਣ ਦੇ ਕਾਰਨ ਨਹੀਂ ਦੱਸੇ ਗਏ। ਇਸ ਬਾਰੇ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਇੰਡੀਗੋ ਦੇ ਇਕ ਬੁਲਾਰੇ ਨੇ ਕਿਹਾ, ''ਜਨਵਰੀ ਤੋਂ ਮਈ ਤੱਕ ਉਡਾਣਾਂ ਦੇ ਰੱਦ ਹੋਣ ਕਾਰਨ 'ਚ ਨਿਓ ਜਹਾਜ਼ਾਂ ਦੀ ਸੇਵਾ 'ਚ ਨਹੀਂ ਹੋਣਾ, ਸਪਲਾਈ 'ਚ ਦੇਰੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਸਮੇਂ 'ਤੇ ਖ਼ਰਾਬ ਮੌਸਮ ਰਿਹਾ।''
ਏਅਰਲਾਈਨ ਨੂੰ ਜਹਾਜ਼ 'ਤੇ ਲਾਉਣਾ ਹੋਵੇਗਾ ਟਰੈਕਿੰਗ ਸਿਸਟਮ
ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਜਹਾਜ਼ਾਂ ਦੇ ਵਪਾਰਕ ਸੰਚਾਲਨ ਲਈ ਨਿਯਮਾਂ 'ਚ ਬਦਲਾਅ ਕਰ ਕੇ ਪੂਰੇ ਰਸਤੇ ਜਹਾਜ਼ਾਂ ਦੀ ਟਰੈਕਿੰਗ ਦੀ ਜ਼ਿੰਮੇਵਾਰੀ ਏਅਰਲਾਈਨ 'ਤੇ ਵੀ ਪਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸਿਸਟਮ ਏ. ਟੀ. ਸੀ. (ਏਅਰ ਟਰੈਫਿਕ ਕੰਟਰੋਲ) ਅਤੇ ਹੋਰ ਮੌਜੂਦਾ ਮਾਧਿਅਮਾਂ ਰਾਹੀਂ ਜਹਾਜ਼ਾਂ ਦੀ ਸਥਿਤੀ ਜਾਣਨ ਦੀ ਵਿਵਸਥਾ ਤੋਂ ਵੱਖਰਾ ਹੋਵੇਗਾ।
ਡੀ. ਜੀ. ਸੀ. ਏ. ਨੇ ਨਿਯਮਾਂ ਦਾ ਜੋ ਡਰਾਫਟ ਸਬੰਧਤ ਪੱਖਾਂ ਦੀ ਪ੍ਰਤੀਕਿਰਿਆ ਲਈ ਜਨਤਕ ਕੀਤਾ ਹੈ, ਉਸ ਅਨੁਸਾਰ ਹਰ ਆਪ੍ਰੇਟਰ ਨੂੰ ਆਪਣੇ ਜਹਾਜ਼ਾਂ 'ਤੇ ਅਜਿਹਾ ਸਿਸਟਮ ਲਾਉਣਾ ਹੋਵੇਗਾ, ਜਿਸ ਦੀ ਮਦਦ ਨਾਲ ਉਡਾਣ ਭਰਨ ਤੋਂ ਲੈ ਕੇ ਉਤਰਨ ਤੱਕ ਉਸ ਨੂੰ ਪੂਰੀ ਤਰ੍ਹਾਂ ਟਰੈਕ ਕਰਨਾ ਸੰਭਵ ਹੋਵੇ।