ਕੈਨੇਡਾ ਅਤੇ ਈ. ਯੂ. ਦਾ ਪਲਟਵਾਰ, ਟਰੰਪ ਨੂੰ ਦਿੱਤਾ ਝਟਕਾ, ਕਈ ਪ੍ਰੋਡਕਟਸ ’ਤੇ ਲਾਉਣਗੇ ਜਵਾਬੀ ਟੈਰਿਫ
Friday, Mar 14, 2025 - 09:05 PM (IST)

ਨਵੀਂ ਦਿੱਲੀ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲੂਮੀਨੀਅਮ ਅਤੇ ਸਟੀਲ ਦੀ ਦਰਾਮਦ ’ਤੇ ਵਧਾਏ ਗਏ ਟੈਰਿਫ ’ਤੇ ਮੁੱਖ ਟ੍ਰੇਡ ਪਾਰਟਨਰਜ਼ ਨੇ ਤੁਰੰਤ ਪਲਟਵਾਰ ਕੀਤਾ ਹੈ।
ਇਨ੍ਹਾਂ ਨੇ ਕੱਪੜਾ ਅਤੇ ‘ਵਾਟਰ ਹੀਟਰ’ (ਪਾਣੀ ਗਰਮ ਕਰਨ ਦੇ ਉਪਕਰਨ) ਤੋਂ ਲੈ ਕੇ ਬੀਫ ਅਤੇ ਬਾਰਬਨ ਸਮੇਤ ਕਈ ਅਮਰੀਕੀ ਉਤਪਾਦਾਂ ’ਤੇ ਨਵੇਂ ਅਤੇ ਸਖਤ ਟੈਕਸ ਲਾ ਦਿੱਤੇ ਹਨ।
ਅਮਰੀਕਾ ਨੂੰ ਸਟੀਲ ਅਤੇ ਐਲੂਮੀਨੀਅਮ ਦੇ ਸਭ ਤੋਂ ਵੱਡੇ ਸਪਲਾਇਰ ਕੈਨੇਡਾ ਨੇ ਕਿਹਾ ਕਿ ਉਹ ਸਟੀਲ ਉਤਪਾਦਾਂ ’ਤੇ 25 ਫੀਸਦੀ ਜਵਾਬੀ ਟੈਰਿਫ ਲਾਵੇਗਾ। ਇਸ ਤੋਂ ਇਲਾਵਾ ਉਪਕਰਨ, ਕੰਪਿਊਟਰ ਅਤੇ ਸਰਵਰ, ਡਿਸਪਲੇਅ ਮੋਨੀਟਰ, ਖੇਡ ਉਪਕਰਣ ਅਤੇ ਕੱਚਾ ਲੋਹਾ ਉਤਪਾਦ ਵਰਗੀਆਂ ਕਈ ਵਸਤਾਂ ’ਤੇ ਟੈਕਸ ਵਧਾਏਗਾ।
ਉਥੇ ਹੀ, ਯੂਰਪੀ ਯੂਨੀਅਨ (ਈ. ਯੂ.) ਅਮਰੀਕੀ ਬੀਫ, ਮੁਰਗੀ ਪਾਲਣ, ਬਾਰਬਨ ਅਤੇ ਮੋਟਰਸਾਈਕਲ, ਪੀਨਟ ਬਟਰ ਅਤੇ ਕਮੋਡਿਟੀ ’ਤੇ ਟੈਰਿਫ ਵਧਾਏਗਾ। ਕੁਲ ਮਿਲਾ ਕੇ ਨਵੇਂ ਟੈਰਿਫ ਨਾਲ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਵੇਗਾ ਅਤੇ ਦੁਨੀਆ ਦੀਆਂ 2 ਮੁੱਖ ਵਪਾਰ ਸਾਂਝੇਦਾਰੀਆਂ ’ਚ ਬੇਯਕੀਨੀ ਹੋਰ ਵਧੇਗੀ।
ਟੈਰਿਫ ਵਧਣ ਨਾਲ ਵਧਣਗੀਆਂ ਕੀਮਤਾਂ
ਕੰਪਨੀਆਂ ਜਾਂ ਤਾਂ ਨੁਕਸਾਨ ਉਠਾਉਣਗੀਆਂ ਅਤੇ ਘਟ ਲਾਭ ਕਮਾਉਣਗੀਆਂ ਜਾਂ ਜ਼ਿਆਦਾ ਸੰਭਾਵਨਾ ਹੈ ਕਿ ਉਹ ਲਾਗਤ ਨੂੰ ਉੱਚੀਆਂ ਕੀਮਤਾਂ ਦੇ ਰੂਪ ’ਚ ਖਪਤਕਾਰਾਂ ’ਤੇ ਪਾ ਦੇਣਗੀਆਂ।
ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਨੇ ਕਿਹਾ ਕਿ ਯੂਰਪ ਅਤੇ ਅਮਰੀਕਾ ’ਚ ਕੀਮਤਾਂ ਵਧਣਗੀਆਂ ਅਤੇ ਨੌਕਰੀਆਂ ਦਾਅ ’ਤੇ ਹੋਣਗੀਆਂ। ਵਾਨ ਡੇਰ ਲੇਏਨ ਨੇ ਕਿਹਾ,“ਸਾਨੂੰ ਇਸ ਫੈਸਲੇ ’ਤੇ ਬਹੁਤ ਅਫਸੋਸ ਹੈ। ਟੈਰਿਫ ਟੈਕਸ ਹੈ। ਉਹ ਵਪਾਰ ਲਈ ਮਾੜਾ ਹੈ ਅਤੇ ਖਪਤਕਾਰਾਂ ਲਈ ਹੋਰ ਵੀ ਮਾੜਾ ਹੈ।”
ਟਰੰਪ ਨਾਲ ਮਿਲਣ ਨੂੰ ਤਿਆਰ ਕੈਨੇਡਾ ਦੇ ਹੋਣ ਵਾਲੇ ਪ੍ਰਧਾਨ ਮੰਤਰੀ
ਕੈਨੇਡਾ ਦੇ ਹੋਣ ਵਾਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਟਰੰਪ ਨਾਲ ਮਿਲਣ ਲਈ ਤਿਆਰ ਹਨ, ਬਸ਼ਰਤੇ ਉਹ ‘ਕੈਨੇਡੀਅਨ ਪ੍ਰਭੂਸੱਤਾ ਪ੍ਰਤੀ ਸਨਮਾਨ’ ਦਿਖਾਉਣ ਅਤੇ ‘ਵਪਾਰ ਲਈ ਇਕ ਸਾਂਝਾ ਅਤੇ ਜ਼ਿਆਦਾ ਵਿਆਪਕ ਦ੍ਰਿਸ਼ਟੀਕੋਣ’ ਅਪਣਾਉਣ ਲਈ ਤਿਆਰ ਹੋਣ। ਕਾਰਨੀ ਸ਼ੁੱਕਰਵਾਰ ਨੂੰ ਸਹੁੰ ਚੁੱਕਣਗੇ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਮਜ਼ਦੂਰਾਂ ਦੀ ਹਾਲਤ ਉਦੋਂ ਬਿਹਤਰ ਹੋਵੇਗੀ, ਜਦੋਂ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਅਤੇ ਸੁਰੱਖਿਆ ਸਾਂਝੇਦਾਰੀ ਦਾ ਨਵੀਨੀਕਰਣ ਅਤੇ ਫਿਰ ਸ਼ੁਭ ਆਰੰਭ ਹੋਵੇਗਾ। ਇਹ ਸੰਭਵ ਹੈ।