ਭਾਰਤ 'ਚ ਸੈਮੀਕੰਡਕਟਰ ਨਿਰਮਾਣ ਨੂੰ ਲੈ ਕੇ ਵੱਡਾ ਫੈਸਲਾ, 76 ਹਜ਼ਾਰ ਕਰੋੜ ਰੁਪਏ ਹੋਵੇਗਾ ਖ਼ਰਚਾ

Wednesday, Dec 15, 2021 - 05:23 PM (IST)

ਨਵੀਂ ਦਿੱਲੀ - ਨਰਿੰਦਰ ਮੋਦੀ ਸਰਕਾਰ ਨੇ ਅੱਜ 15 ਦਸੰਬਰ ਨੂੰ ਆਪਣੀ ਕੈਬਨਿਟ ਮੀਟਿੰਗ ਵਿੱਚ ਸੈਮੀਕੰਡਕਟਰਾਂ ਲਈ ਉਤਪਾਦਨ-ਲਿੰਕਡ ਇਨਸੈਂਟਿਵ (PLI) ਸਕੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ ਸਮੇਂ ਜਦੋਂ ਮਾਈਕ੍ਰੋਚਿੱਪਾਂ ਦੀ ਕਮੀ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਸਰਕਾਰ ਦੇ ਇਸ ਕਦਮ ਨਾਲ ਸੈਮੀਕੰਡਕਟਰ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਕੰਪਨੀਆਂ ਨੂੰ ਇਲੈਕਟ੍ਰਾਨਿਕ ਹੱਬ ਬਣਨ 'ਚ ਮਦਦ ਮਿਲੇਗੀ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ PLI ਯੋਜਨਾ ਦੇ ਤਹਿਤ ਦੇਸ਼ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਲਈ 76 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ।

ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਅਪਣਾਉਣ ਦੀ ਕੀਤੀ ਅਪੀਲ, ਜਾਣੋ ਕੁਦਰਤੀ ਖੇਤੀ ਦੇ ਸਿਧਾਂਤ

ਕੈਬਨਿਟ ਬ੍ਰੀਫਿੰਗ ਦੌਰਾਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਇਹ ਫੈਸਲਾ ਇਲੈਕਟ੍ਰਾਨਿਕਸ ਅਤੇ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਲਿਆ ਗਿਆ ਹੈ, ਜੋ ਸਵੈ-ਨਿਰਭਰ ਭਾਰਤ ਦੀ ਸੋਚ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਇਸ ਦਿਸ਼ਾ ਵਿੱਚ, ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਾਰਤ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਦਾ ਇੱਕ ਪੂਰਾ ਈਕੋਸਿਸਟਮ ਸਥਾਪਤ ਕਰਨ ਲਈ ਇੱਕ ਅਭਿਲਾਸ਼ੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਤਹਿਤ 6 ਸਾਲਾਂ 'ਚ 76 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਆਤਮ-ਨਿਰਭਰ ਭਾਰਤ ਦੀ ਸੋਚ ਹੋਰ ਮਜ਼ਬੂਤ ​​ਹੋਵੇਗੀ।

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਅੱਜ ਅਸੀਂ ਜਿਸ ਯੁੱਗ ਵਿੱਚ ਹਾਂ, ਸਵੇਰ ਤੋਂ ਸ਼ਾਮ ਤੱਕ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਇਲੈਕਟ੍ਰੋਨਿਕਸ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਲੈਕਟ੍ਰੋਨਿਕਸ ਦੇ ਪਿੱਛੇ ਸਭ ਤੋਂ ਮਹੱਤਵਪੂਰਨ ਚੀਜ਼ ਸੈਮੀਕੰਡਕਟਰ ਚਿੱਪ ਹੈ। ਅੱਜ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇਤਿਹਾਸਕ ਫੈਸਲਾ ਲਿਆ ਹੈ, ਜਿਸ ਦੇ ਕਾਰਨ ਦੇਸ਼ ਵਿੱਚ ਪੂਰਾ ਸੈਮੀਕੰਡਕਟਰ ਈਕੋਸਿਸਟਮ ਅਰਥਾਤ ਸੈਮੀਕੰਡਕਟਰਾਂ ਦਾ ਡਿਜ਼ਾਈਨ, ਫੈਬਰੀਕੇਸ਼ਨ, ਪੈਕੇਜਿੰਗ , ਟੈਸਟਿੰਗ ਅਤੇ ਡਵੈਲਪਮੈਂਟ ਹੋ ਸਕੇਗੀ। ਇਸ ਫ਼ੈਸਲੇ ਦੇ ਤਹਿਤ ਕੇਂਦਰ ਸਰਕਾਰ 76 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ : ਸੈਮਸੰਗ ਨੂੰ ਪਛਾੜ ਦੂਜੇ ਸਥਾਨ 'ਤੇ ਪਹੁੰਚੀ ਰੀਅਲਮੀ, ਜਾਣੋ ਕਿਸ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕੇ ਸਮਾਰਟ ਫ਼ੋਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News