2020 ਤੱਕ 100 ਅਰਬ ਡਾਲਰ ਦਾ ਹੋ ਜਾਵੇਗਾ ਆਨਲਾਈਨ ਲੈਣ-ਦੇਣ

02/15/2018 10:38:44 PM

ਮੁੰਬਈ— ਈ-ਕਾਮਰਸ, ਸਫਰ ਅਤੇ ਹੋਟਲ, ਵਿੱਤੀ ਸੇਵਾਵਾਂ ਅਤੇ ਡਿਜੀਟਲ ਮੀਡੀਆ 'ਚ ਵਾਧੇ ਕਾਰਨ ਖਪਤਕਾਰਾਂ ਦਾ ਆਨਲਾਈਨ ਖਰਚ 2020 ਤੱਕ ਢਾਈ ਗੁਣਾ ਵਧ ਕੇ ਲਗਭਗ 100 ਅਰਬ ਡਾਲਰ ਹੋ ਜਾਣ ਦੀ ਸੰਭਾਵਨਾ ਹੈ। ਇਕ ਰਿਪੋਰਟ 'ਚ ਵੀ ਇਹ ਗੱਲ ਕਹੀ ਗਈ। ਇੰਟਰਨੈੱਟ ਅਤੇ ਆਈ. ਟੀ. ਕੰਪਨੀ ਗੂਗਲ ਦੇ ਸਹਿਯੋਗ ਨਾਲ ਬੋਸਟਨ ਕੰਸਲਟਿੰਗ ਗਰੁੱਪ ਵੱਲੋਂ ਤਿਆਰ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਕਾਸਮੈਟਿਕ ਅਤੇ ਅਸੈੱਸਰੀਜ਼, ਟਿਕਾਊ ਖਪਤਕਾਰ ਇਲੈਕਟ੍ਰਾਨਿਕ ਵਸਤਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਈ-ਕਾਮਰਸ ਦੇ ਮੌਜੂਦਾ 18 ਅਰਬ ਡਾਲਰ ਤੋਂ ਵਧ ਕੇ 2020 ਤੱਕ 40 ਤੋਂ 45 ਅਰਬ ਡਾਲਰ ਤੱਕ ਹੋ ਜਾਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਇਸ ਦੌਰਾਨ ਸਫਰ ਅਤੇ ਹੋਟਲਾਂ 'ਤੇ ਡਿਜੀਟਲ ਖਰਚ 11 ਅਰਬ ਡਾਲਰ ਤੋਂ ਵਧ 20 ਅਰਬ ਡਾਲਰ ਤੱਕ ਹੋ ਜਾਣ ਦਾ ਅੰਦਾਜ਼ਾ ਲਾਇਆ ਗਿਆ ਹੈ। ਵਿੱਤੀ ਸੇਵਾਵਾਂ ਦਾ ਆਨਲਾਈਨ ਲੈਣ-ਦੇਣ 12 ਅਰਬ ਡਾਲਰ ਤੋਂ ਵਧ ਕੇ 30 ਅਰਬ ਡਾਲਰ ਅਤੇ ਡਿਜੀਟਲ ਮੀਡੀਆ ਦਾ 20 ਕਰੋੜ ਡਾਲਰ ਤੋਂ ਵਧ ਕੇ 57 ਕਰੋੜ ਡਾਲਰ ਤੱਕ ਹੋ ਜਾਣ ਦਾ ਅਨੁਮਾਨ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ 4 ਸਾਲ ਦੌਰਾਨ ਆਨਲਾਈਨ ਖਪਤਕਾਰਾਂ ਦੀ ਗਿਣਤੀ 43 ਕਰੋੜ ਤੱਕ ਜਾ ਪੁੱਜੀ ਹੈ ਜੋ ਦੁੱਗਣੀ ਹੈ। ਇੰਝ ਸਸਤੇ ਸਮਾਰਟਫੋਨ, ਸਸਤੇ ਡਾਟਾ ਅਤੇ ਵਧ ਮੋਬਾਇਲ ਕੇਂਦਰਿਤ ਤੇ ਸਥਾਨਕ ਆਧਾਰਿਤ ਸਮੱਗਰੀਆਂ ਮੁਹੱਈਆ ਕਰਵਾਏ ਜਾਣ ਕਾਰਨ ਹੋਇਆ ਹੈ।


Related News