ਬੈਂਕ ਤੋਂ ਪਰੇਸ਼ਾਨ ਸੀ ਕਾਰੋਬਾਰੀ, ਟਵੀਟ ''ਤੇ ਵਿੱਤ ਮੰਤਰੀ ਨੇ ਦਿੱਤਾ ਭਰੋਸਾ

02/14/2020 5:00:19 PM

ਨਵੀਂ ਦਿੱਲੀ — ਛੋਟੇ ਕਾਰੋਬਾਰੀਆਂ ਲਈ ਸਰਕਾਰ ਨਾ ਸਿਰਫ ਯੋਜਨਾਵਾਂ ਬਣਾ ਰਹੀ ਸਗੋਂ ਉਨ੍ਹਾਂ ਦੀ ਸਹਾਇਤਾ ਲਈ ਕੋਸ਼ਿਸ਼ਾਂ ਵੀ ਕਰ ਰਹੀ ਹੈ। ਇਸ ਦਾ ਪਤਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਇਕ ਟਵੀਟ ਤੋਂ ਲਗਦਾ ਹੈ। ਦਰਅਸਲ ਇਕ ਛੋਟੇ ਕਾਰੋਬਾਰੀ ਨੇ ਬੈਂਕ ਤੋਂ ਪਰੇਸ਼ਾਨ ਹੋ ਕੇ ਨਿਰਮਲਾ ਨੂੰ ਟੈਗ ਕਰਦੇ ਹੋਏ ਸਹਾਇਤਾ ਮੰਗੀ। ਵਿੱਤ ਮੰਤਰੀ ਨੇ ਕਾਰੋਬਾਰੀ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗਦੇ ਹੋਏ ਉਸਨੂੰ ਤੁਰੰਤ ਸਹਾਇਤਾ ਦਾ ਭਰੋਸਾ ਦਿੱਤਾ।

 

ਜ਼ਿਕਰਯੋਗ ਹੈ ਕਿ ਇਸ ਵਾਰ ਦੇ ਬਜਟ 'ਚ ਵੀ ਸਰਕਾਰ ਨੇ ਛੋਟੇ ਕਾਰੋਬਾਰੀਆਂ ਅਤੇ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਇੱਛਾ ਦਾ ਇਜ਼ਹਾਰ ਕੀਤਾ ਹੈ। ਸਰਕਾਰ ਨੇ ਕਾਰੋਬਾਰੀਆਂ ਨੂੰ ਮਦਦ ਦਾ ਪੂਰਾ ਭਰੋਸਾ ਦਿੱਤਾ ਹੈ। ਅਜਿਹੇ 'ਚ ਜਦੋਂ ਇਕ ਛੋਟਾ ਉਦਯੋਗ ਚਲਾਉਣ ਵਾਲੇ ਕਾਰੋਬਾਰੀ ਨੇ ਮਦਦ ਮੰਗੀ ਤਾਂ ਵਿੱਤ ਮੰਤਰੀ ਨੇ ਵੀ ਉਨ੍ਹਾਂ ਨੂੰ ਭਰੋਸਾ ਦੇਣ 'ਚ ਦੇਰ ਨਹੀਂ ਕੀਤੀ।

ਕਾਰੋਬਾਰੀ ਸੰਜੇ ਪਟੇਲ ਦਾ ਟਵੀਟ

MSME ਚਲਾਉਣ ਵਾਲੇ ਕਾਰੋਬਾਰੀ ਸੰਜੇ ਪਟੇਲ ਨੇ 13 ਫਰਵਰੀ ਨੂੰ ਵਿੱਤ ਮੰਤਰੀ ਨੂੰ ਟੈਗ ਕਰਕੇ ਦੱਸਿਆ ਕਿ ਸੈਂਟਰਲ ਬੈਂਕ ਆਫ ਇੰਡੀਆ ਉਨ੍ਹਾਂ ਦੇ ਘਰ ਦੇ ਕਾਗਜ਼ਾਤ ਨਹੀਂ ਦੇ ਰਿਹਾ ਹੈ ਜਦੋਂਕਿ ਉਹ 4 ਮਹੀਨੇ ਪਹਿਲਾਂ ਹੀ ਲੋਨ ਦੀ ਪੇਮੈਂਟ ਕਰ ਚੁੱਕਾ ਹੈ'। ਟਵੀਟ ਵਿਚ ਲਿਖਿਆ ਗਿਆ ਸੀ, ' ਆਪਣੇ ਕਾਰੋਬਾਰ ਨੂੰ ਮੁਸ਼ਕਲ ਸਮੇਂ 'ਚੋਂ ਕੱਢਣ ਲਈ ਅਸੀਂ ਆਪਣੀ ਨਿੱਜੀ ਜਾਇਦਾਦ ਤੱਕ ਵੇਚ ਦਿੱਤੀ। ਸਾਡੀ ਮਦਦ ਕਰੋ। ਸਾਡੀ ਫੈਕਟਰੀ ਦੀ ਬਹੁਤ ਕੀਮਤ ਹੈ।' ਇਸ 'ਤੇ ਵਿੱਤ ਮੰਤਰੀ ਨੇ ਜਵਾਬ ਦਿੰਦੇ ਹੋਏ ਲਿਖਿਆ,'ਪਤਾ ਲੱਗਣ 'ਤੇ ਦੁੱਖ ਹੋਇਆ, ਵਿੱਤ ਮੰਤਰਾਲਾ ਇਸ ਬਾਰੇ ਤੁਹਾਡੇ ਨਾਲ ਗੱਲ ਕਰੇਗਾ'।

ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸਰਕਾਰ

ਜ਼ਿਕਰਯੋਗ ਹੈ ਕਿ ਸਰਕਾਰ ਦੇਸ਼ 'ਚ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕ ਰਹੀ ਹੈ। ਇਜ਼ ਆਫ ਡੂਇੰਗ ਸਕੀਮ ਦੇ ਤਹਿਤ ਕਈ ਕਦਮ ਚੁੱਕੇ ਜਾ ਰਹੇ ਹਨ। ਤਾਂ ਜੋ ਛੋਟੀਆਂ ਕੰਪਨੀਆਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਦੀ ਲਾਗਤ ਵੀ ਘੱਟ ਹੋਵੇ। ਇਸ 'ਚ ਕੰਪਨੀ ਦੀ ਰਜਿਸਟ੍ਰੇਸ਼ਨ ਫੀਸ, ਕੰਪਨੀ ਸ਼ੁਰੂ ਕਰਨ ਲਈ ਪੈਸੇ ਦੀਆਂ ਸ਼ਰਤਾਂ ਨੂੰ ਅਸਾਨ ਬਣਾਉਣਾ ਸ਼ਾਮਲ ਹੈ। ਬਜਟ ਵਿਚ MSME ਸੈਕਟਰ ਲਈ ਇਨਵੁਆਇਸ ਫਾਇਨਾਂਸਿੰਗ ਸਹੂਲਤ ਨੂੰ ਵਧਾ ਦਿੱਤਾ ਗਿਆ ਹੈ।


Related News