''ਕੋਰੋਨਾ ਦੀ ਦੂਜੀ ਲਹਿਰ ਕਾਰਨ ਕਾਰੋਬਾਰ ਨੂੰ 6.25 ਲੱਖ ਕਰੋੜ ਦਾ ਨੁਕਸਾਨ''
Tuesday, May 04, 2021 - 12:55 PM (IST)
ਨਵੀਂ ਦਿੱਲੀ- ਇਕਨੋਮੀ ਲਈ ਕੋਰੋਨਾ ਦੀ ਦੂਜੀ ਲਹਿਰ ਮੁਸ਼ਕਲ ਬਣ ਰਹੀ ਹੈ। ਛੋਟੇ ਕਾਰੋਬਾਰੀਆਂ ਦੇ ਸੰਗਠਨ ਕੈਟ ਦਾ ਦਾਅਵਾ ਹੈ ਕਿ ਕੋਵਿਡ ਦੀ ਲਪੇਟ ਵਿਚ ਆਉਣ ਨਾਲ ਬੀਤੇ ਅਪ੍ਰੈਲ ਮਹੀਨੇ ਦੌਰਾਨ ਘਰੇਲੂ ਵਪਾਰ ਨੂੰ 6.25 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਸ ਨਾਲ ਸਿਰਫ਼ ਕਾਰੋਬਾਰੀ ਹੀ ਨਹੀਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ 75 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਲਗਭਗ ਸੱਤ ਕਰੋੜ ਛੋਟੇ ਵਪਾਰੀਆਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੇ ਸੰਗਠਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਨੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਅਜਿਹੀ ਸਥਿਤੀ ਵਿਚ ਸਰਕਾਰ ਨੂੰ ਹੁਣ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਭ ਤੋਂ ਜ਼ਰੂਰੀ ਕੀ ਹੈ।
ਸੰਗਠਨ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਦਾ ਕਹਿਣਾ ਹੈ ਕਿ ਸਿਰਫ਼ ਅਪ੍ਰੈਲ 2021 ਵਿਚ ਹੀ ਭਾਰਤ ਵਿਚ 52,926 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਤੋਂ ਲਿਆ ਗਿਆ ਹੈ। ਵਪਾਰੀ ਆਗੂ ਦਾ ਕਹਿਣਾ ਹੈ ਕਿ ਪ੍ਰਚੂਨ ਕਾਰੋਬਾਰ ਨੂੰ ਪਿਛਲੇ ਮਹੀਨੇ ਲਗਭਗ 4.25 ਲੱਖ ਕਰੋੜ ਰੁਪਏ ਦਾ ਨੁਕਸਾਨ, ਜਦੋਂ ਕਿ ਥੋਕ ਵਪਾਰ ਵਿਚ ਲਗਭਗ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਪੱਸ਼ਟ ਹੈ ਜੇ ਕਾਰੋਬਾਰ ਹੁੰਦਾ ਤਾਂ ਸਰਕਾਰ ਨੂੰ ਵੀ ਟੈਕਸ ਮਿਲਦਾ। ਭਰਤੀਆ ਨੇ ਕਿਹਾ ਕਿ ਇਸ ਮਾਹੌਲ ਵਿਚ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।