ਕਾਰੋਬਾਰੀ ਸੌਦਿਆਂ ’ਚ ਵੀ ਸਾਲ 2021 ਅੱਗੇ, ਰਿਕਾਰਡ 115 ਅਰਬ ਡਾਲਰ ਦੇ 2224 ਸੌਦੇ ਹੋਏ
Sunday, Jan 09, 2022 - 01:49 PM (IST)
ਮੁੰਬਈ–ਕਾਰੋਬਾਰੀ ਸੌਦਿਆਂ ਦੇ ਮਾਮਲੇ ’ਚ ਵੀ ਸਾਲ 2021 ਅੱਗੇ ਰਿਹਾ ਹੈ। ਬੀਤੇ ਸਾਲ ਵੈਲਿਊ ਅਤੇ ਵੈਲਿਊਮ ਦੋਹਾਂ ਦੇ ਲਿਹਾਜ ਨਾਲ ਰਿਕਾਰਡ ਕਾਰੋਬਾਰੀ ਸੌਦੇ ਹੋਏ। ਇਸ ਦੌਰਾਨ ਕੁੱਲ 115 ਅਰਬ ਅਮਰੀਕੀ ਡਾਲਰ ਦੇ 2224 ਤੋਂ ਵੱਧ ਸੌਦੇ ਹੋਏ। ਬੀਤੇ ਸਾਲ 2020 ਦੇ ਮੁਕਾਬਲੇ 37 ਅਰਬ ਡਾਲਰ ਅਤੇ 867 ਡੀਲ ਵੱਧ ਹੋਈਆਂ। ਗ੍ਰਾਂਟ ਥਾਰਨਟਨ ਦੇ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਰਲੇਵੇਂ ਅਤੇ ਪ੍ਰਾਪਤੀ (ਐੱਮ. ਐਂਡ ਏ.) ਦੇ 499 ਸੌਦੇ ਹੋਏ। ਇਨ੍ਹਾਂ ਦੀ ਕੁੱਲ ਰਕਮ 42.9 ਅਰਬ ਡਾਲਰ ਸੀ। ਇਸ ਤੋਂ ਇਲਾਵਾ 48.2 ਅਰਬ ਡਾਲਰ ਦੇ 1624 ਨਿੱਜੀ ਇਕਵਿਟੀ ਸੌਦੇ ਹੋਏ। 23.9 ਅਰਬ ਅਮਰੀਕੀ ਡਾਲਰ ਦੇ 101 ਆਈ. ਪੀ. ਓ. ਅਤੇ ਕਿਊ. ਆਈ. ਪੀ. (ਯੋਗ ਸੰਸਥਾਗਤ ਪਲੇਟਮੈਂਟ) ਸਨ। ਸਿਰਫ ਆਈ. ਪੀ. ਓ. ਤੋਂ ਰਿਕਾਰਡ 17.7 ਅਰਬ ਡਾਲਰ ਜੁਟਾਏ ਗਏ।
ਵੱਡੇ ਸੌਦੇ ਜ਼ਿਆਦਾ
ਬੀਤੇ ਸਾਲ ਵੱਡੇ ਸੌਦਿਆਂ ਦੇ ਲਿਹਾਜ ਨਾਲ ਵੀ ਨਵਾਂ ਰਿਕਾਰਡ ਬਣਿਆ ਅਤੇ 14 ਸੌਦੇ ਇਕ-ਇਕ ਅਰਬ ਡਾਲਰ ਤੋਂ ਵੱਧ ਦੇ ਸਨ ਜਦ ਕਿ 145 ਸੌਦੇ 50 ਕਰੋੜ ਡਾਲਰ ਤੋਂ 99.9 ਕਰੋੜ ਡਾਲਰ ਦੇ ਦਰਮਿਆਨ ਸਨ। ਇਸ ਤੋਂ ਇਲਾਵਾ 135 ਸੌਦੇ 10 ਕਰੋੜ ਡਾਲਰ ਤੋਂ 49.9 ਕਰੋੜ ਡਾਲਰ ਦੇ ਦਰਮਿਆਨ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਡੇ ਸੌਦੇ ਗਿਣਤੀ ਦੇ ਲਿਹਾਜ ਨਾਲ ਸਿਰਫ 8 ਫੀਸਦੀ ਸਨ ਪਰ ਇਨ੍ਹਾਂ ਤੋਂ 80 ਫੀਸਦੀ ਰਾਸ਼ੀ ਪ੍ਰਾਪਤ ਹੋਈ। ਕੁੱਲ ਸੌਦਿਆਂ ’ਚ 76 ਫੀਸਦੀ ਘਰੇਲੂ ਸਨ ਅਤੇ ਬਾਕੀ ਸੌਦੇ ਸਰਹੱਦ ਪਾਰ ਹੋਏ।
ਸਟਾਰਟਅਪਸ ਸਭ ਤੋਂ ਅੱਗੇ
ਇਨ੍ਹਾਂ ’ਚੋਂ 66 ਫੀਸਦੀ ਫੰਡ ਸਟਾਰਟਅਪਸ ’ਚ ਚਲਾ ਗਿਆ। ਇਸ ਤੋਂ ਬਾਅਦ ਕੁੱਲ 32 ਫੀਸਦੀ ਨਾਲ ਈ-ਕਾਮਰਸ ਸੀ। ਪ੍ਰਚੂਨ ਅਤੇ ਖਪਤਕਾਰ, ਸਿੱਖਿਆ ਅਤੇ ਫਾਰਮਾ ਦੇ ਖਿਡਾਰੀ ਸਭ ਤੋਂ ਵੱਧ ਸਰਗਰਮ ਸਨ। ਜਦੋਂ ਆਈ. ਪੀ. ਓ. ਅਤੇ ਕਿਊ. ਆਈ. ਪੀ. ਦੀ ਗੱਲ ਆਉਂਦੀ ਹੈ ਤਾਂ 2021 ’ਚ 6.2 ਬਿਲੀਅਨ ਅਮਰੀਕੀ ਡਾਲਰ ਦੇ 36 ਕਿਊ. ਆਈ. ਪੀ. ਆਏ। ਇਹ 2011 ਤੋਂ ਬਾਅਦ ਇਸ ਰਸਤੇ ਤੀਜਾ ਸਭ ਤੋਂ ਵੱਧ ਫੰਡ ਰੇਜਿੰਗ ਵਾਲਾ ਮਾਧਿਅਮ ਬਣਿਆ। ਸਟਾਰਟਅਪ, ਈ-ਕਾਮਰਸ ਅਤੇ ਆਈ. ਟੀ. ਕੰਪਨੀਆਂ 2021 ’ਚ ਆਈ. ਪੀ. ਓ. ਅਤੇ ਜੁਟਾਏ ਗਏ ਪੈਸੇ ਦੋਹਾਂ ਦੇ ਮਾਮਲੇ ’ਚ ਪ੍ਰਮੁੱਖ ਡੀਲ ਡਰਾਈਵਰ ਸਨ। ਸਾਲ ’ਚ 33 ਯੂਨੀਕਾਰਨ ਦਾ ਵਾਧਾ ਵੀ ਦੇਖਿਆ ਗਿਆ।