ਇਸ ਸਾਲ ਟਾਪ 7 ਸ਼ਹਿਰਾਂ ’ਚ 5.58 ਲੱਖ ਘਰਾਂ ਦਾ ਨਿਰਮਾਣ ਪੂਰਾ ਕਰ ਸਕਦੇ ਹਨ ਬਿਲਡਰ : ਐਨਾਰਾਕ
Monday, May 22, 2023 - 05:53 PM (IST)
 
            
            ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਡਿਵੈੱਲਪਰ 2023 ’ਚ ਦੇਸ਼ ਦੇ ਮੁੱਖ 7 ਸ਼ਹਿਰਾਂ ਵਿਚ 5.58 ਲੱਖ ਘਰਾਂ ਦਾ ਨਿਰਮਾਣ ਪੂਰਾ ਕਰ ਸਕਦੇ ਹਨ। ਰੀਅਲ ਅਸਟੇਟ ਸਲਾਹ-ਮਸ਼ਵਰਾ ਫਰਮ ਐਨਾਰਾਕ ਦਾ ਕਹਿਣਾ ਹੈ ਕਿ ਬਿਲਡਰਾਂ ਨੇ ਨਿਰਮਾਣ ਦੀ ਰਫਤਾਰ ਵਧਾ ਦਿੱਤੀ ਹੈ। ਐਨਰਾਕ ਦੇ ਅੰਕੜਿਆਂ ਅਨੁਸਾਰ, 2023 ਵਿਚ 5,57,900 ਘਰਾਂ ਦਾ ਨਿਰਮਾਣ ਪੂਰਾ ਹੋਣਾ ਹੈ। ਪਿਛਲੇ ਕੈਲੰਡਰ ਸਾਲ ’ਚ 4,02,000 ਘਰਾਂ ਦਾ ਨਿਰਮਾਣ ਪੂਰਾ ਹੋਣਾ ਸੀ। ਹਾਲਾਂਕਿ, ਇਹ ਪਤਾ ਨਹੀਂ ਚਲਿਆ ਕਿ ਇਹ ਟੀਚਾ ਪੂਰਾ ਹੋ ਸਕਿਆ ਕਿ ਨਹੀਂ।
ਐਨਾਰਾਕ ਨੇ ਕਿਹਾ ਕਿ ਇਸ ਸਾਲ ਤਿਆਰ ਘਰਾਂ ਦੀ ਗਿਣਤੀ ਜ਼ਿਆਦਾ ਰਹਿਣ ਦੇ ਪਿੱਛੇ ਕਈ ਕਾਰਕ ਹਨ। ਇਨ੍ਹਾਂ ’ਚ ਸਬੰਧਤ ਕਾਨੂੰਨ ਰੇਰਾ, ਘਰਾਂ ਦੀ ਵਿਕਰੀ ’ਚ ਵਾਧੇ ’ਚ ਬਿਹਤਰ ਨਕਦੀ ਪ੍ਰਵਾਹ, ਨਿਰਮਾਣ ਗਤੀਵਿਧੀਆਂ ’ਚ ਨਵੀਂ ਤਕਨੀਕੀ ਦਾ ਇਸਤੇਮਾਲ ਅਤੇ ਵਿੱਤੀ ਸੰਸਥਾਨਾਂ ਵੱਲੋਂ ਕਰਜ਼ੇ ’ਚ ਵਾਧਾ ਸ਼ਾਮਲ ਹੈ। ਸਲਾਹ-ਮਸ਼ਵਰਾ ਫਰਮ ਨੇ ਦੱਸਿਆ ਕਿ ਬਿਲਡਰ ਪ੍ਰਾਜੈਕਟਾਂ ਦੇ ਪੂਰੇ ਹੋਣ ’ਚ ਦੇਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਸ ਨਾਲ ਲਾਗਤ ਵੱਧਦੀ ਹੈ। ਐਨਾਰਾਕ ਦੇ ਉਪ-ਪ੍ਰਧਾਨ ਸੰਤੋਸ਼ ਕੁਮਾਰ ਨੇ ਕਿਹਾ,“ਅਨੁਮਾਨ ਅਨੁਸਾਰ, 2023 ’ਚ ਟਾਪ 7 ਸ਼ਹਿਰਾਂ ’ਚ ਲੱਗਭੱਗ 5.6 ਲੱਖ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾਣਾ ਹੈ। ਪਿਛਲੇ ਸਾਲ ਦੀ ਤੁਲਣਾ ’ਚ ਇਹ 39 ਫੀਸਦੀ ਜ਼ਿਆਦਾ ਹੈ।”
ਅੰਕੜਿਆਂ ਅਨੁਸਾਰ, ਇਸ ਸਾਲ ਘਰਾਂ ਦਾ ਨਿਰਮਾਣ ਸਭ ਤੋਂ ਜ਼ਿਆਦਾ ਦਿੱਲੀ-ਐਨ. ਸੀ. ਆਰ. ’ਚ ਹੋਵੇਗਾ, ਜਿਸ ਤੋਂ ਬਾਅਦ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ਹੈ। ਦਿੱਲੀ-ਐੱਨ. ਸੀ. ਆਰ. ਵਿਚ ਇਸ ਸਾਲ 1,70,100 ਘਰਾਂ ਦਾ ਨਿਰਮਾਣ ਪੂਰਾ ਹੋਣ ਦੀ ਸੰਭਾਵਨਾ ਹੈ, ਜਦੋਂਕਿ ਪਿਛਲੇ ਸਾਲ 86,300 ਘਰਾਂ ਦਾ ਅਨੁਮਾਨ ਲਾਇਆ ਗਿਆ ਸੀ। ਐੱਮ. ਐੱਮ. ਆਰ. ਵਿਚ 1,31,400 ਘਰਾਂ ਦਾ ਨਿਰਮਾਣ ਹੋਣ ਦੀ ਸੰਭਾਵਨਾ ਹੈ, ਜਦੋਂਕਿ 2022 ’ਚ ਇਹ 1,26,700 ਇਕਾਈਆਂ ਰਿਹਾ ਸੀ। ਪੁਣੇ ’ਚ 98,400 ਘਰਾਂ ਦਾ ਨਿਰਮਾਣ ਪੂਰਾ ਹੋ ਸਕਦਾ ਹੈ, ਜਦੋਂਕਿ ਪਿਛਲੇ ਸਾਲ 84,200 ਇਕਾਈਆਂ ਦਾ ਨਿਰਮਾਣ ਹੋਣਾ ਸੀ। ਬੈਂਗਲੁਰੂ ਵਿਚ ਇਸ ਸਾਲ 80,100 ਘਰਾਂ ਦਾ ਨਿਰਮਾਣ ਪੂਰਾ ਹੋ ਸਕਦਾ ਹੈ, ਜਦੋਂਕਿ ਪਿਛਲੇ ਸਾਲ 48,700 ਇਕਾਈ ਅਨੁਮਾਨਿਤ ਸੀ। ਕੋਲਕਾਤਾ ’ਚ ਇਸ ਸਾਲ 36,700 ਘਰਾਂ ਦਾ ਨਿਰਮਾਣ ਪੂਰਾ ਹੋ ਸਕਦਾ ਹੈ, ਜਦੋਂਕਿ ਪਿਛਲੇ ਸਾਲ 23,200 ਇਕਾਈਆਂ ਦੇ ਨਿਰਮਾਣ ਦਾ ਅਨੁਮਾਨ ਸੀ।
ਹੈਦਰਾਬਾਦ ’ਚ ਇਸ ਸਾਲ 23,800 ਘਰਾਂ ਦਾ ਨਿਰਮਾਣ ਪੂਰਾ ਹੋ ਸਕਦਾ ਹੈ, ਜਦੋਂਕਿ ਪਿਛਲੇ ਸਾਲ ਇਹ ਅੰਕੜਾ 11,700 ਇਕਾਈ ਸੀ। ਚੇਨਈ ਵਿਚ ਇਸ ਸਾਲ 17,400 ਘਰਾਂ ਦਾ ਨਿਰਮਾਣ ਪੂਰਾ ਹੋ ਸਕਦਾ ਹੈ, ਜਦੋਂਕਿ ਪਿਛਲੇ ਸਾਲ ਇਸ ਤੋਂ ਜ਼ਿਆਦਾ 21,200 ਇਕਾਈਆਂ ਦੇ ਨਿਰਮਾਣ ਦਾ ਅਨੁਮਾਨ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            