Budget 2025 : ਸੰਸਦ ਦੇ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਹੋਇਆ ਐਲਾਨ, 31 ਜਨਵਰੀ ਤੋਂ ਹੋਵੇਗਾ ਸ਼ੁਰੂ
Saturday, Jan 18, 2025 - 10:37 AM (IST)
ਨਵੀਂ ਦਿੱਲੀ (ਭਾਸ਼ਾ) - ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 13 ਫਰਵਰੀ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ। ਰਵਾਇਤ ਮੁਤਾਬਕ, ਸੈਸ਼ਨ ਸ਼ਾਇਦ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨਾਲ ਸ਼ੁਰੂ ਹੋਵੇਗਾ ਜਿਸ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੰਬੋਧਨ ਕਰਨਗੇ। ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। 1 ਫਰਵਰੀ ਨੂੰ ਸੀਤਾਰਾਮਨ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨਗੇ।
ਸੂਤਰਾਂ ਨੇ ਦੱਸਿਆ ਕਿ ਸੈਸ਼ਨ ਦਾ ਦੂਜਾ ਹਿੱਸਾ ਮਾਰਚ ਦੇ ਦੂਜੇ ਹਫ਼ਤੇ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਵਿਚਕਾਰ ਹੋਵੇਗਾ। ਇਸਦੀ ਸੰਭਾਵਿਤ ਮਿਆਦ 10 ਮਾਰਚ ਤੋਂ 4 ਅਪ੍ਰੈਲ ਤੱਕ ਹੋ ਸਕਦੀ ਹੈ। ਸੈਸ਼ਨ ਦਾ ਪਹਿਲਾ ਪੜਾਅ ਦੋਵਾਂ ਸਦਨਾਂ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਬਹਿਸ ਨਾਲ ਸ਼ੁਰੂ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਨਾਲ ਸਮਾਪਤ ਹੁੰਦਾ ਹੈ।
ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਦਾ ਇਹ ਲਗਾਤਾਰ 8ਵਾਂ ਬਜਟ ਹੋਵੇਗਾ। ਸੀਤਾਰਮਨ ਨੇ ਹੁਣ ਤੱਕ 7 ਪੂਰੇ ਬਜਟ ਅਤੇ 1 ਅੰਤਰਿਮ ਬਜਟ ਪੇਸ਼ ਕੀਤਾ ਹੈ। 2014 'ਚ ਸੱਤਾ 'ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਦਾ ਇਹ 14ਵਾਂ ਬਜਟ ਹੋਵੇਗਾ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਉਹ ਸੰਸਦ, ਲੋਕ ਸਭਾ ਅਤੇ ਰਾਜ ਸਭਾ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰੇਗੀ। ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ।