ਬਜਟ 2021 : ਨਿੱਜੀ ਇਨਕਮ ਟੈਕਸ ਦਰਾਂ ''ਚ ਕਟੌਤੀ ਦੀ ਸੰਭਾਵਨਾ ਨਹੀਂ

Thursday, Jan 21, 2021 - 06:18 PM (IST)

ਨਵੀਂ ਦਿੱਲੀ- 1 ਫਰਵਰੀ, 2021 ਨੂੰ ਪੇਸ਼ ਹੋਣ ਜਾ ਰਹੇ ਬਜਟ 2021 ਵਿਚ ਨਿੱਜੀ ਇਨਕਮ ਟੈਕਸ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਟੈਕਸ ਛੋਟ ਦੇ ਹੋਰ ਉਪਾਵਾਂ ਜ਼ਰੀਏ ਕੁਝ ਰਾਹਤ ਮਿਲ ਸਕਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਤੀਜਾ ਬਜਟ ਹੈ। ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ਵਿਚ ਸੀਤਾਰਮਨ ਲਈ ਇਹ ਬਜਟ ਇਤਿਹਾਸ ਵਿਚ ਸਭ ਤੋਂ ਵੱਡੀ ਚੁਣੌਤੀ ਭਰਿਆ ਰਹਿਣ ਵਾਲਾ ਹੈ ਕਿਉਂਕਿ ਇਸ ਦੌਰ ਵਿਚ ਨਾ ਸਿਰਫ਼ ਲੋਕਾਂ ਦੀ ਜਾਨ ਗਈ ਹੈ ਸਗੋਂ ਇਸ ਦੇ ਪ੍ਰਭਾਵਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਵੱਡੀ ਢਾਹ ਲੱਗੀ ਹੈ।

ਸੂਤਰਾਂ ਮੁਤਾਬਕ, ਇਸ ਦੌਰ ਵਿਚ ਵਿੱਤ ਮੰਤਰਾਲਾ ਨਿੱਜੀ ਇਨਕਮ ਟੈਕਸ ਦਰਾਂ ਲਈ ਸਲੈਬਾਂ ਨੂੰ ਬਦਲਣ ਦੇ ਪੱਖ ਵਿਚ ਨਹੀਂ ਹੈ।

ਮੌਜੂਦਾ ਸਮੇਂ 2.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਇਨਕਮ ਟੈਕਸ ਨਹੀਂ ਭਰਨਾ ਪੈਂਦਾ ਹੈ, ਜਦੋਂ ਕਿ 5 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਪੂਰੀ ਰੀਬੇਟ ਮਿਲ ਜਾਂਦੀ ਹੈ। 2.5 ਲੱਖ ਤੋਂ ਜ਼ਿਆਦਾ ਅਤੇ 5 ਲੱਖ ਰੁਪਏ ਵਿਚਕਾਰ ਦੀ ਆਮਦਨ ਲਈ ਟੈਕਸ ਦਰ 5 ਫ਼ੀਸਦੀ ਹੈ। 5 ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਲਈ 20 ਫ਼ੀਸਦੀ ਅਤੇ ਇਸ ਤੋਂ ਉਪਰ ਦੀ ਆਮਦਨ ਵਾਲਿਆਂ ਲਈ ਟੈਕਸ ਦਰ 30 ਫ਼ੀਸਦੀ ਹੈ। 

ਸੂਤਰਾਂ ਨੇ ਕਿਹਾ ਕਿ ਸਰਕਾਰ ਹੋਰ ਉਪਾਵਾਂ ਜ਼ਰੀਏ ਰਾਹਤ ਦੇਣ ਦਾ ਵਿਚਾਰ ਕਰ ਰਹੀ ਹੈ। ਸਰਕਾਰ ਘਰ ਖ਼ਰੀਦਦਾਰਾਂ ਨੂੰ ਇਨਕਮ ਟੈਕਸ ਵਿਚ ਦਿੱਤੀ ਜਾਣ ਵਾਲੀ ਰਾਹਤ ਵਧਾ ਸਕਦੀ ਹੈ। ਮੌਜੂਦਾ ਸਮੇਂ ਇਨਕਮ ਟੈਕਸ ਦੀ ਧਾਰਾ 24ਬੀ ਤਹਿਤ ਹੋਮ ਲੋਨ ਦੇ ਵਿਆਜ 'ਤੇ 2 ਲੱਖ ਰੁਪਏ ਦੀ ਇਨਕਮ ਟੈਕਸ ਛੋਟ ਮਿਲਦੀ ਹੈ। ਇਸ ਤੋਂ ਇਲਾਵਾ 80ਸੀ ਤਹਿਤ ਛੋਟ 1.5 ਲੱਖ ਤੋਂ ਵਧਾ ਕੇ 2 ਲੱਖ ਰੁਪਏ ਕੀਤੀ ਜਾ ਸਕਦੀ ਹੈ। ਉੱਥੇ ਹੀ, 80ਡੀ ਤਹਿਤ ਮਿਲਦੀ ਮੌਜੂਦਾ ਛੋਟ 25,000 ਰੁਪਏ ਤੋਂ ਵਧਾਈ ਜਾ ਸਕਦੀ ਹੈ।
 


Sanjeev

Content Editor

Related News