ਹੁਣ ਜਿਓ, BSNL ਦੀ ਕਾਲਰ ਟਿਊਨ ’ਚ ‘ਕੋਰੋਨਾ’, ਜਾਣੋ ਕੀ ਹੈ ਮਾਜਰਾ

03/08/2020 5:35:13 PM

ਨਵੀਂ ਦਿੱਲੀ— ਰਿਲਾਇੰਸ ਜਿਓ ਅਤੇ ਬੀ. ਐੱਸ. ਐੱਨ. ਐੱਲ. ਦੀ ਕਾਲਰ ਟਿਊਨ ’ਚ ਹੁਣ ਤੁਹਾਨੂੰ ਕੋਰੋਨਾ ਵਾਇਰਸ ਦੀ ‘ਹੈਲੋ-ਹੈਲੋ’ ਸੁਣਾਈ ਦੇਵੇਗੀ। ਵਿਸ਼ਵ ਭਰ ’ਚ ਕੋਰੋਨਾ ਵਾਇਰਸ ਕਾਰਨ ਰੋਜ਼ਾਨਾ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸਿਰਫ ਚੀਨ ਹੀ ਨਹੀਂ ਸਗੋਂ ਇਟਲੀ ਵੀ ਹੋ ਚੁੱਕਾ ਹੈ। ਇਟਲੀ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਇਕਦਮ 1,247 ਵੱਧ ਕੇ 5,883 ’ਤੇ ਪਹੁੰਚ ਗਈ, ਉੱਥੇ ਹੀ 36 ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 233 ਹੋ ਗਈ ਹੈ।

 

 

ਇਸ ਵਿਚਕਾਰ ਜਿਓ ਤੇ ਸਰਕਾਰੀ ਖੇਤਰ ਦੀ ਦੂਰਸੰਚਾਰ ਕੰਪਨੀ ਨੇ ਆਪਣੇ ਨੈੱਟਵਰਕ ’ਤੇ ਲੋਕਾਂ ਨੂੰ ਕਾਲਰ ਟਿਊਨ ਜ਼ਰੀਏ ਕੋਰੋਨਾ ਬਾਰੇ ਜਾਗਰੂਕ ਕਰਨ ਲਈ 30 ਸਕਿੰਟ ਦਾ ਸੰਦੇਸ਼ ਸੁਣਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਕਹਿਣ ’ਤੇ ਦੂਰਸੰਚਾਰ ਵਿਭਾਗ ਨੇ ਕੋਰੋਨਾ ਵਾਇਰਸ ’ਤੇ ਜਾਗਰੂਕ ਸੰਦੇਸ਼ ਸੁਣਾਉਣ ਦਾ ਹੁਕਮ ਜਾਰੀ ਕੀਤਾ ਹੈ। ਹੁਣ ਥੋੜ੍ਹੇ ਦਿਨ ਕਾਲਰ ਟਿਊਨ ਦੀ ਜਗ੍ਹਾ ਕੋਰੋਨਾ ਵਾਇਰਸ ਦਾ ਸੰਦੇਸ਼ ਸੁਣਾਈ ਦੇਵੇਗਾ। ਜਿਓ ਤੇ ਬੀ. ਐੱਸ. ਐੱਨ. ਐੱਲ. ਦੇ ਨੈੱਟਵਰਕ ’ਤੇ ਇਹ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਹੋਰਾਂ ਨੇ ਹਾਲੇ ਇਹ ਸ਼ੁਰੂ ਨਹੀਂ ਕੀਤੀ ਹੈ। ਇਕ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਨੇ ਕਿਹਾ ਕਿ ਇਹ ਆਡੀਓ ਸੰਦੇਸ਼ ਉਨ੍ਹਾਂ ਨੰਬਰਾਂ ’ਤੇ ਉਪਲੱਬਧ ਨਹੀਂ ਹੋਵੇਗਾ, ਜਿੱਥੇ ਗਾਹਕ ਕਾਲਰ ਟਿਊਨ ਲਈ ਭੁਗਤਾਨ ਕਰ ਰਹੇ ਹਨ।

ਕਦੋਂ ਤੱਕ ਲੱਗੀ ਰਹੇਗੀ ਇਹ ਕਾਲਰ ਟਿਊਨ
ਸਿਹਤ ਮੰਤਰਾਲਾ ਨੇ ਦੂਰਸੰਚਾਰ ਵਿਭਾਗ ਨੂੰ ਇਸ ਬਾਰੇ ਪੰਜ ਮਾਰਚ ਨੂੰ ਇਕ ਚਿੱਠੀ ਲਿਖੀ ਸੀ, ਜਿਸ ’ਚ ਉਸ ਨੇ ਵਿਭਾਗ ਨੂੰ ਕਿਹਾ ਸੀ, ‘‘ਦੂਰਸੰਚਾਰ ਕੰਪਨੀਆਂ ਨੂੰ ਵਾਇਰਸ ’ਤੇ ਜਾਗਰੂਕਤਾ ਫੈਲਾਉਣ ਵਾਲਾ 30 ਸਕਿੰਟ ਦਾ ਇਕ ਆਡੀਓ ਸੰਦੇਸ਼ ਤਿੰਨ ਦਿਨ ਤੱਕ ਸੁਣਾਉਣ ਦਾ ਹੁਕਮ ਦਿੱਤਾ ਜਾਵੇ। ਇਸ ਲਈ ਸਾਡੇ ਵੱਲੋਂ ਇਕ ਆਡੀਓ ਸੰਦੇਸ਼ ਬਣਾਇਆ ਗਿਆ ਹੈ।’’ ਮੰਤਰਾਲਾ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਲੋਕਾਂ ’ਚ ਜਾਗਰੂਕਤਾ ਲਈ ਉਨ੍ਹਾਂ ਨੂੰ SMS ਜਾਂ ਪੁਸ਼ ਨੋਟੀਫਿਕੇਸ਼ਨ ਵੀ ਭੇਜੇ ਜਾਣ। ਇਨ੍ਹਾਂ ਸੰਦੇਸ਼ਾਂ ’ਚ ਲੋਕਾਂ ਨੂੰ ‘ਕੀ ਕਰੀਏ ਤੇ ਕੀ ਨਾ ਕਰੀਏ’ ਦੀ ਜਾਣਕਾਰੀ ਦਿੱਤੀ ਜਾਵੇ। ਮੰਤਰਾਲਾ ਨੇ ਇਸ ਦੇ ਨਾਲ ਹੀ ਵਿਭਾਗ ਨੂੰ ਕਿਹਾ ਕਿ ਦੂਰਸੰਚਾਰ ਸਕੱਤਰ ਇਸ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰੇ ਤੇ ਦੇਖੇ ਕਿ ਇਹ ਸੰਦੇਸ਼ ਲੋਕਾਂ ਤੱਕ ਪਹੁੰਚ ਰਿਹਾ ਹੈ।


Related News