BSNL ਨੇ 20 ਹਜ਼ਾਰ ਕਰੋਡ਼ ਰੁਪਏ ਇਕੱਠੇ ਕਰਨ ਲਈ ਵਿਕਰੀ ਯੋਗ 14 ਜਾਇਦਾਦਾਂ ਦੀ ਕੀਤੀ ਪਛਾਣ
Sunday, Jan 05, 2020 - 08:34 PM (IST)

ਨਵੀਂ ਦਿੱਲੀ (ਭਾਸ਼ਾ)-ਸਰਕਾਰੀ ਦੂਰਸੰਚਾਰ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਜਾਇਦਾਦਾਂ ਵੇਚ ਕੇ ਪੈਸਾ ਇਕੱਠਾ ਕਰਨ ਦੀ ਮਹੱਤਵਪੂਰਨ ਯੋਜਨਾ ਦੇ ਤਹਿਤ 20,160 ਕਰੋਡ਼ ਰੁਪਏ ਦੀਆਂ 14 ਜਾਇਦਾਦਾਂ ਦੀ ਸੂਚੀ ਇਨਵੈਸਟਮੈਂਟ ਅੈਂਡ ਪਬਲਿਕ ਏਸੈੱਟਸ ਮੈਨੇਜਮੈਂਟ ਡਿਪਾਰਟਮੈਂਟ (ਦੀਪਮ) ਨੂੰ ਸੌਂਪੀ ਹੈ। ਇਸ ਵਿਚਾਲੇ ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਹੁਨਰ ਵਿਕਾਸ ਮੰਤਰਾਲਾ ਨੂੰ ਇਕ ਜ਼ਮੀਨ ਦੀ ਭਾਲ ਹੈ ਅਤੇ ਉਸ ਨੂੰ ਦੂਰਸੰਚਾਰ ਵਿਭਾਗ ਨੇ ਗਾਜ਼ੀਆਬਾਦ ’ਚ ਸਥਿਤ ਬੀ. ਐੱਸ. ਐੱਨ. ਐੱਲ. ਦੀ ਇਕ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਇਸ ਜ਼ਮੀਨ ਦੀ ਅੰਦਾਜ਼ਨ ਕੀਮਤ 2000 ਕਰੋਡ਼ ਰੁਪਏ ਹੈ।
ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ( ਸੀ.ਐੱਮ.ਡੀ.) ਪੀ. ਕੇ. ਪੁਰਵਾਰ ਨੇ ਕਿਹਾ, ਕੰਪਨੀ ਆਪਣੀਆਂ ਜਾਇਦਾਦਾਂ ਨੂੰ ਵੇਚ ਕੇ ਪੈਸਾ ਇਕੱਠਾ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਦੀਪਮ ਦੇ ਰਾਹੀਂ 20 ਹਜ਼ਾਰ ਕਰੋਡ਼ ਰੁਪਏ ਇਕੱਠਾ ਕਰਨ ਲਈ 14 ਜਾਇਦਾਦਾਂ ਦੀ ਪਛਾਣ ਕੀਤੀ ਹੈ। ਪੁਰਵਾਰ ਨੇ ਕਿਹਾ ਕਿ ਇਹ ਜਾਇਦਾਦਾਂ ਮੁੰਬਈ, ਤਿਰੁਵਨੰਤਪੁਰਮ, ਚੇਨੰਈ, ਗਾਜ਼ੀਆਬਾਦ ਅਤੇ ਹੋਰ ਸਥਾਨਾਂ ’ਤੇ ਹਨ। ਇਸ ਸਾਲ ਅਕਤੂਬਰ ਵਿਚ ਸਰਕਾਰ ਨੇ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ . ਐੱਲ. ਨੂੰ ਪਟੜੀ ’ਤੇ ਲਿਆਉਣ ਲਈ 69,000 ਕਰੋਡ਼ ਰੁਪਏ ਦੇ ਮੁੜ-ਸੁਰਜੀਤੀ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ’ਚ ਘਾਟੇ ਵਿਚ ਚੱਲ ਰਹੀਆਂ 2 ਕੰਪਨੀਆਂ ਦਾ ਰਲੇਵਾਂ, ਉਨ੍ਹਾਂ ਦੀ ਜਾਇਦਾਦ ਨੂੰ ਭੁਨਾਉਣ ਅਤੇ ਕਰਮਚਾਰੀਆਂ ਲਈ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਲਿਆਉਣਾ ਸ਼ਾਮਲ ਹੈ। ਇਸ ਦੇ ਪਿੱਛੇ ਦਾ ਉਦੇਸ਼ 2 ਸਾਲ ਦੇ ਅੰਦਰ ਸੰਯੁਕਤ ਇਕਾਈ ਨੂੰ ਮੁਨਾਫੇ ਵਿਚ ਲਿਆਉਣਾ ਹੈ। ਦੋਵਾਂ ਕੰਪਨੀਆਂ ਨੇ ਵੀ. ਆਰ. ਐੱਸ. ਯੋਜਨਾ ਸ਼ੁਰੂ ਕੀਤੀ ਅਤੇ ਉਸਦੇ ਲਗਭਗ 92 ਹਜ਼ਾਰ ਕਰਮਚਾਰੀਆਂ ਨੇ ਇਹ ਬਦਲ ਚੁਣਿਆ। ਇਸ ਨਾਲ ਕਰਜ਼ੇ ਵਿਚ ਡੁੱਬੀਆਂ ਦੂਰਸੰਚਾਰ ਕੰਪਨੀਆਂ ਦੇ ਤਨਖਾਹ ਮਦ 8800 ਕਰੋਡ਼ ਰੁਪਏ ਦੀ ਬੱਚਤ ਦਾ ਅੰਦਾਜ਼ਾ ਹੈ।