ਵਿੱਤੀ ਘਾਟੇ ਨਾਲ ਨਜਿੱਠਣ ਲਈ ਸਰਕਾਰ ਕਿਰਾਏ ''ਤੇ ਦੇਵੇਗੀ BSNL ਦਾ ਫਾਈਬਰ ਨੈੱਟਵਰਕ

06/22/2019 11:58:54 AM

ਨਵੀਂ ਦਿੱਲੀ — ਦੂਰਸੰਚਾਰ ਵਿਭਾਗ ਜਲਦੀ ਹੀ ਇਕ ਪ੍ਰਸਤਾਵ ਪੇਸ਼ ਕਰਨ ਵਾਲਾ ਹੈ, ਜਿਸ ਦੇ ਤਹਿਤ ਭਾਰਤ ਸੰਚਾਰ ਨਿਗਮ ਲਿਮਟਿਡ ਦਾ ਫਾਈਬਰ ਨੈੱਟਵਰਕ ਕਿਰਾਏ 'ਤੇ ਦਿੱਤਾ ਜਾਵੇਗਾ। ਇਸ ਨਾਲ ਕੰਪਨੀ ਨੂੰ ਨਗਦੀ ਦੀ ਸਮੱਸਿਆ ਨਾਲ ਨਜਿੱਠਣ 'ਚ ਸਹਾਇਤਾ ਮਿਲੇਗੀ।

8 ਲੱਖ ਕਿਲੋਮੀਟਰ ਦਾ ਫਾਈਬਰ ਨੈੱਟਵਰਕ 

BSNL  ਦੇ ਕੋਲ ਕੁੱਲ 8 ਲੱਖ ਰੂਟ ਕਿਲੋਮੀਟਰ ਦਾ ਫਾਈਬਰ ਅਧਾਰਿਤ ਨੈੱਟਵਰਕ ਹੈ। ਇਸ ਨੂੰ ਹੋਰ ਕੰਪਨੀਆਂ ਨੂੰ ਵਰਤਣ ਲਈ ਦਿੱਤਾ ਜਾਵੇਗਾ, ਤਾਂ ਜੋ ਕੰਪਨੀ ਦੇ ਖਰਚੇ ਪੂਰੇ ਹੋ ਸਕਣ।

ਘਾਟੇ 'ਚ ਜਾ ਰਹੀ ਕੰਪਨੀ

ਮੌਜੂਦਾ ਸਮੇਂ 'ਚ ਕੰਪਨੀ ਨਕਦੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਆਪਣੀਆਂ ਮੁਢਲੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ 'ਚ ਅਸਮਰੱਥ ਹੈ। ਕੰਪਨੀ ਨੇ ਆਪਣੀਆਂ ਕਾਰਜਸ਼ੀਲ ਪੂੰਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਟੇਟ ਬੈਂਕ ਤੋਂ 1,500 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਕਰਾਰ ਕੀਤਾ ਸੀ। ਦੂਰਸੰਚਾਰ ਵਿਭਾਗ ਦੀ ਗਾਰੰਟੀ 'ਤੇ ਕੰਪਨੀ ਨੂੰ ਕਰਜ਼ਾ ਮਿਲਿਆ ਹੈ। ਇਸ ਦੇ ਨਾਲ ਹੀ ਕੰਪਨੀ ਨੂੰ VRS ਸਕੀਮ ਲਈ ਵੀ 6500 ਕਰੋੜ ਰੁਪਏ ਦੀ ਜ਼ਰੂਰਤ ਹੈ। ਕੰਪਨੀ ਨੂੰ ਸਰਕਾਰ ਸਰਕਾਰ ਵਲੋਂ 3300 ਕਰੋੜ ਦਾ ਫੰਡ ਮਿਲਣਾ ਬਾਕੀ ਹੈ।

ਬਣ ਸਕਦਾ ਹੈ ਕਮਾਈ ਦਾ ਜ਼ਰੀਆ

ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਇਸ ਤਰੀਕੇ ਨਾਲ ਕੰਪਨੀ ਨੂੰ ਸਾਲਾਨਾ 30 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਆਪਣੀ ਡੋਰਮੈਂਟ ਹੋ ਚੁੱਕੀ ਜਾਇਦਾਦ ਤੋਂ ਵੀ ਅਸਾਨੀ ਨਾਲ ਕਮਾਈ ਕਰ ਸਕੇਗੀ। 

ਸਾਲ ਦੇ ਸ਼ੁਰੂ 'ਚ ਹੋਈ ਸੀ ਭਾਰੀ ਵਿੱਤੀ ਪਰੇਸ਼ਾਨੀ

ਸਾਲ ਦੇ ਸ਼ੁਰੂ 'ਚ ਫਰਵਰੀ ਦੇ ਮਹੀਨੇ ਕੰਪਨੀ ਨੂੰ ਆਪਣੇ 1.68 ਲੱਖ ਕਰਮਚਾਰੀਆਂ ਨੂੰ ਤਨਖਾਹ ਦੇਣ ਸਮੇਂ ਭਾਰੀ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਸਰਕਾਰ ਨੇ ਪਿਛਲੇ ਮਹੀਨੇ ਕੰਪਨੀ ਨੂੰ ਬੈਂਕਾਂ ਤੋਂ ਕਰਜ਼ਾ ਦਵਾਉਣ ਲਈ ਗਾਰੰਟੀ ਪੱਤਰ ਜਾਰੀ ਕੀਤਾ ਸੀ। ਇਸ ਦੇ ਜ਼ਰੀਏ ਕੰਪਨੀ ਬੈਂਕਾਂ ਕੋਲੋਂ ਆਪਣੀ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਲਈ 3,500 ਕਰੋੜ ਦਾ ਕਰਜ਼ਾ ਲੈ ਸਕਦੀ ਹੈ। ਕੰਪਨੀ ਨੇ ਕਿਹਾ ਸੀ ਕਿ 2019-20 ਦੀ ਸਤੰਬਰ ਤਿਮਾਹੀ ਤੱਕ ਸਥਿਤੀ ਆਮ ਹੋ ਜਾਵੇਗੀ।

 


Related News