15 ਅਪ੍ਰੈਲ ਤੋਂ ਫਲਾਈਟ ਲਈ ਟਿਕਟ ਕਰ ਰਹੇ ਹੋ ਬੁੱਕ? ਤਾਂ ਨਹੀਂ ਮਿਲੇਗਾ ਰਿਫੰਡ
Tuesday, Apr 07, 2020 - 04:32 PM (IST)
ਨਵੀਂ ਦਿੱਲੀ : 15 ਅਪ੍ਰੈਲ ਨੂੰ ਜਾਂ ਇਸ ਤੋਂ ਬਾਅਦ ਹਵਾਈ ਯਾਤਰਾ ਲਈ ਟਿਕਟ ਬੁੱਕ ਕੀਤੀ ਹੈ ਜਾਂ ਯੋਜਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਹੋ ਸਕਦਾ ਹੈ ਕਿ ਲਾਕਡਾਊਨ ਤੋਂ ਅੱਗੇ ਵੀ ਕੁਝ ਸ਼ਟਡਾਊਨ ਜਾਰੀ ਰਹੇ ਅਤੇ ਫਲਾਈਟ ਰੱਦ ਹੋਣ 'ਤੇ ਤੁਸੀਂ ਬੁਕਿੰਗ ਰੱਦ ਕਰਵਾਉਣਾ ਚਾਹੁੰਦੇ ਹੋਵੇ ਤਾਂ ਤੁਹਾਨੂੰ ਰਿਫੰਡ ਵੀ ਨਾ ਮਿਲੇ। ਇਹ ਇਸ ਲਈ ਕਿਉਂਕਿ 14 ਅਪ੍ਰੈਲ ਤੋਂ ਬਾਅਦ ਫਿਰ ਤੋਂ ਫਲਾਈਟਾਂ ਸ਼ੁਰੂ ਕਰਨ ਨੂੰ ਲੈ ਕੇ ਕੇਂਦਰ ਵੱਲੋਂ ਕੋਈ ਸਪੱਸ਼ਟ ਨਿਰਦੇਸ਼ ਨਹੀਂ ਹਨ ਪਰ ਨਿੱਜੀ ਜਹਾਜ਼ ਕੰਪਨੀਆਂ ਨੇ ਬੁਕਿੰਗ ਖੋਲ੍ਹ ਦਿੱਤੀ ਹੈ ਅਤੇ ਪ੍ਰੋਮੋਸ਼ਨਲ ਈ-ਮੇਲ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਬਹੁਤ ਸਾਰੇ ਲੋਕ ਜਿਨ੍ਹਾਂ ਵਿਚੋਂ ਬਹੁਤੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ, ਉਨ੍ਹਾਂ ਨੇ ਟਿਕਟਾਂ ਬੁੱਕ ਵੀ ਕੀਤੀਆਂ ਹਨ।
ਕੀ ਹੈ ਨਵਾਂ ਨਿਯਮ-
ਨਵੇਂ ਨਿਯਮਾਂ ਮੁਤਾਬਕ, ਜੇਕਰ ਸ਼ਟਡਾਊਨ ਕਾਰਨ ਏਅਰਲਾਈਨਾਂ ਵੱਲੋਂ ਫਲਾਈਟਾਂ ਨੂੰ ਰੱਦ ਕੀਤਾ ਜਾਂਦਾ ਹੈ, ਤਾਂ ਟਿਕਟਾਂ ਦਾ ਰਿਫੰਡ ਨਹੀਂ ਮਿਲੇਗਾ। ਇਸ ਲਈ ਜੇਕਰ ਸ਼ਟਡਾਊਨ ਨੂੰ ਵਧਾਇਆ ਜਾਂਦਾ ਹੈ ਤਾਂ ਜਿਨ੍ਹਾਂ ਲੋਕਾਂ ਨੇ 15 ਅਪ੍ਰੈਲ ਨੂੰ ਜਾਂ ਇਸ ਤੋਂ ਬਾਅਦ ਵਾਲੇ ਦਿਨਾਂ ਲਈ ਹਵਾਈ ਟਿਕਟ ਬੁੱਕ ਕੀਤੀ ਹੈ ਉਨ੍ਹਾਂ ਨੂੰ ਪੈਸੇ ਵਾਪਸ ਨਹੀਂ ਮਿਲ ਸਕਦੇ। ਹਾਲਾਂਕਿ, ਇਸ ਦੀ ਬਜਾਏ ਤੁਸੀਂ ਸਾਲ ਅੰਦਰ ਕਿਸੇ ਵੀ ਸਮੇਂ ਯਾਤਰਾ ਕਰ ਸਕੋਗੇ, ਯਾਨੀ ਤੁਹਾਨੂੰ ਰਿਫੰਡ ਜਾਰੀ ਨਹੀਂ ਹੋਵੇਗਾ ਪਰ ਤੁਸੀਂ ਚਾਹੋ ਤਾਂ ਸਾਲ ਅੰਦਰ ਕਿਸੇ ਵੀ ਹੋਰ ਤਰੀਕ ਲਈ ਯਾਤਰਾ ਦੀ ਚੋਣ ਕਰ ਸਕਦੇ ਹੋ। ਉੱਥੇ ਹੀ, ਟਿਕਟਾਂ ਦੀ ਮੰਗ ਵਧਣ ਨਾਲ ਪ੍ਰਮੁੱਖ ਮਾਰਗਾਂ 'ਤੇ ਇਕ ਪਾਸੇ ਦਾ ਕਿਰਾਇਆ 10,000 ਰੁਪਏ ਤੋਂ ਵੀ ਜ਼ਿਆਦਾ ਹੋ ਗਿਆ ਹੈ। 15 ਅਪ੍ਰੈਲ ਲਈ ਚੇਨਈ ਤੋਂ ਕੋਲਕਾਤਾ ਦੀ ਟਿਕਟ 10,000 ਤੋਂ 17,000 ਰੁਪਏ ਵਿਚਕਾਰ ਵਿਕ ਰਹੀ ਹੈ।