USA : ਦੋ ਵੱਡੇ ਹਾਦਸਿਆਂ ਪਿੱਛੋਂ ਮਾਰਚ 2019 ਤੋਂਂ ਖੜ੍ਹੇ ਬੋਇੰਗ 737 ਮੈਕਸ 'ਤੇ ਹਟੀ ਪਾਬੰਦੀ
Wednesday, Nov 18, 2020 - 06:30 PM (IST)
ਵਾਸ਼ਿੰਗਟਨ- ਸੰਯੁਕਤ ਰਾਜ ਅਮਰੀਕਾ ਦੇ ਹਵਾਬਾਜ਼ੀ ਪ੍ਰਸ਼ਾਸਨ ਨੇ ਬੋਇੰਗ 737 ਮੈਕਸ 'ਤੇ ਆਪਣੀ ਪਾਬੰਦੀ ਹਟਾ ਦਿੱਤੀ ਹੈ। 20 ਮਹੀਨਿਆਂ ਦੇ ਲੰਮੇ ਸਮੇਂ ਤੱਕ ਖੜ੍ਹੇ ਰਹਿਣ ਪਿੱਛੋਂ ਜਲਦ ਹੀ ਇਹ ਆਸਮਾਨ ਵਿਚ ਫਿਰ ਉਡਾਰੀ ਭਰਨ ਜਾ ਰਹੇ ਹਨ। ਹਾਲਾਂਕਿ ਕੋਰੋਨਾ ਕਾਲ ਵਿਚ ਇਸ ਦਾ ਰਾਹ ਸੌਖਾ ਨਹੀਂ ਹੋਵੇਗਾ।
ਦੋ ਨਵੇਂ 737 ਮੈਕਸ ਜਹਾਜ਼ਾਂ ਦੇ ਪੰਜ ਮਹੀਨਿਆਂ ਦੇ ਫਰਕ ਵਿਚ ਕ੍ਰੈਸ਼ ਹੋਣ ਤੋਂ ਬਾਅਦ ਰੈਗੂਲੇਟਰਾਂ ਨੇ ਮਾਰਚ 2019 ਵਿਚ ਇਨ੍ਹਾਂ ਦੇ ਉਡਾਣ ਭਰਨ 'ਤੇ ਰੋਕ ਲਾ ਦਿੱਤੀ ਸੀ।
ਮਾਰਚ 2019 'ਚ ਬੋਇੰਗ 737 ਮੈਕਸ ਇਥੋਪੀਆ 'ਚ ਦੁਰਘਟਨਾਗ੍ਰਸਤ ਹੋ ਗਿਆ ਸੀ। ਪੰਜ ਮਹੀਨਿਆਂ 'ਚ ਬੋਇੰਗ 737 ਮੈਕਸ ਜਹਾਜ਼ ਦੁਰਘਟਨਾਗ੍ਰਸਤ ਹੋਣ ਦੀ ਇਹ ਦੂਜੀ ਘਟਨਾ ਸੀ। ਇਸ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਇਸੇ ਤਰ੍ਹਾਂ ਦੀ ਦੁਰਘਟਨਾ ਵਾਪਰੀ ਸੀ। ਇਨ੍ਹਾਂ ਦੋਹਾਂ ਦੁਰਘਟਨਾਵਾਂ 'ਚ ਕੁੱਲ 346 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਦੋ ਵੱਡੇ ਹਾਦਸਿਆਂ ਮਗਰੋਂ ਚੱਲੀ ਜਾਂਚ ਕਾਰਨ ਬੋਇੰਗ ਕੰਪਨੀ ਨੂੰ ਮਿਲੇ ਕਈ ਆਰਡਰ ਰੱਦ ਹੋਏ ਹਨ, ਜਿਸ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ। ਯੂ. ਐੱਸ. ਹਾਊਫ ਰਿਪ੍ਰੈਜ਼ੇਨਟੇਟਿਵਜ਼ ਟਰਾਂਸਪੋਰਟ ਕਮੇਟੀ ਦੀ ਹਾਲ ਹੀ ਦੀ ਇਕ ਰਿਪੋਰਟ ਮੁਤਾਬਕ, ਬੋਇੰਗ ਨੇ ਪਾਇਲਟਾਂ ਅਤੇ ਰੈਗੂਲੇਟਰਾਂ ਕੋਲੋਂ ਮੈਕਸ ਜੈੱਟਾਂ 'ਚ ਖਾਮੀਆਂ ਲੁਕਾ ਕੇ ਰੱਖੀਆਂ ਸਨ, ਜਿਸ ਕਾਰਨ ਇਹ ਦੋ ਹਾਦਸੇ ਵਾਪਰੇ। ਇਸ ਨੂੰ ਲੈ ਕੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿਚ ਰਿਹਾ ਕਿਉਂਕਿ ਉਸ ਨੇ ਇਸ ਦੀ ਸਹੀ ਨਿਗਰਾਨੀ ਨਹੀਂ ਕੀਤੀ। ਸੈਂਸੈਰ ਵਿਚ ਖ਼ਾਮੀ ਕਾਰਨ ਪਾਇਲਟ ਕੁਝ ਨਹੀਂ ਕਰ ਸਕੇ।
ਇੰਡੋਨੇਸ਼ੀਆ ਦੀ ਲਾਈਨ ਏਅਰ ਫਲਾਈਟ-610, 29 ਅਕਤੂਬਰ 2018 ਨੂੰ ਉਡਾਣ ਭਰਨ ਪਿੱਛੋਂ ਕ੍ਰੈਸ਼ ਹੋਈ ਗਈ ਸੀ, ਜਿਸ ਵਿਚ 189 ਲੋਕ ਸਵਾਰ ਸਨ। ਉੱਥੇ ਹੀ, 157 ਲੋਕਾਂ ਨੂੰ ਲਿਜਾ ਰਹੀ ਇਥੋਪੀਅਨ ਏਅਰਲਾਈਨਸ ਦੀ ਫਲਾਈਟ-302, 10 ਮਾਰਚ 2019 ਨੂੰ ਦੁਰਘਟਨਾਗ੍ਰਸਤ ਹੋਈ ਸੀ। ਇਹ ਦੋਵੇਂ ਬੋਇੰਗ ਕੰਪਨੀ ਦੇ ਨਵੇਂ 737 ਮੈਕਸ ਜਹਾਜ਼ ਸਨ।