ਪੰਜਾਬ ਲਈ ਗੁੱਡ ਨਿਊਜ਼, ਬਰਮਿੰਘਮ ਨੂੰ ਸ਼ੁਰੂ ਹੋਣ ਜਾ ਰਹੀ ਹੈ ਫਲਾਈਟ
Thursday, Jul 18, 2019 - 02:55 PM (IST)

ਨਵੀਂ ਦਿੱਲੀ— ਹਵਾਈ ਮੁਸਾਫਰਾਂ ਲਈ ਖੁਸ਼ਖਬਰੀ ਹੈ। ਸਰਕਾਰੀ ਜਹਾਜ਼ ਕੰਪਨੀ ਦੀ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਫਲਾਈਟ ਸਰਵਿਸ ਜਲਦ ਹੀ ਬਹਾਲ ਹੋਣ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੱਤੀ ਹੈ ਕਿ 15 ਅਗਸਤ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀ ਸਰਵਿਸ ਬਹਾਲ ਕਰ ਦਿੱਤੀ ਜਾਵੇਗੀ, ਜੋ ਹਫਤੇ 'ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਉਪਲੱਬਧ ਹੋਵੇਗੀ।
ਫਰਵਰੀ 'ਚ ਬਾਲਾਕੋਟ ਸਟ੍ਰਾਈਕ ਮਗਰੋਂ ਪਾਕਿਸਤਾਨ ਦਾ ਹਵਾਈ ਰਸਤਾ ਭਾਰਤੀ ਉਡਾਣਾਂ ਲਈ ਬੰਦ ਹੋਣ ਕਾਰਨ ਸਰਕਾਰੀ ਜਹਾਜ਼ ਕੰਪਨੀ ਨੇ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਫਲਾਈਟ ਸਰਵਿਸ ਮੁਲਤਵੀ ਕਰ ਦਿੱਤੀ ਸੀ। ਪਾਕਿਸਤਾਨ ਨੇ ਸੋਮਵਾਰ ਦੇਰ ਰਾਤ ਆਪਣਾ ਹਵਾਈ ਰਸਤਾ ਖੋਲ੍ਹ ਦਿੱਤਾ ਹੈ ਅਤੇ ਹੁਣ ਭਾਰਤੀ ਜਹਾਜ਼ ਪਾਕਿਸਤਾਨੀ ਹਵਾਈ ਖੇਤਰ 'ਚੋਂ ਲੰਘ ਸਕਦੇ ਹਨ।
ਭਾਰਤੀ ਉਡਾਣਾਂ ਲਈ ਇਹ ਹਵਾਈ ਰਸਤਾ ਖੁੱਲ੍ਹਣ ਨਾਲ ਯੂਰਪ ਤੇ ਅਮਰੀਕਾ ਦਾ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਕਿਰਾਏ 'ਚ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਇਸ ਨਾਲ ਏਅਰਲਾਈਨਾਂ ਦਾ ਖਰਚ ਘੱਟ ਹੋਣ ਜਾ ਰਿਹਾ ਹੈ। ਏਅਰ ਇੰਡੀਆ ਨੂੰ ਹਰ ਅਮਰੀਕੀ ਉਡਾਣ ਦੀ ਓਪਰੇਸ਼ਨ ਲਾਗਤ 'ਚ ਤਕਰੀਬਨ 20 ਲੱਖ ਰੁਪਏ ਦੀ ਬਚਤ ਹੋਣ ਦੀ ਸੰਭਾਵਨਾ ਹੈ। ਉਡਾਣ ਦਾ ਸਮਾਂ ਵੀ ਸਾਢੇ ਚਾਰ ਘੰਟੇ ਘੱਟ ਹੋ ਜਾਵੇਗਾ। ਯੂਰਪੀ ਉਡਾਣਾਂ ਦਾ ਖਰਚ 5 ਲੱਖ ਰੁਪਏ ਤਕ ਘੱਟ ਹੋਵੇਗਾ। ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਏਅਰ ਇੰਡੀਆ ਲਗਭਗ 491 ਕਰੋੜ ਰੁਪਏ ਦਾ ਭਾਰੀ ਨੁਕਸਾਨ ਸਹਿਣ ਕਰ ਚੁੱਕੀ ਹੈ ਕਿਉਂਕਿ ਹੋਰ ਬਦਲਵੇਂ ਲੰਮੇ ਰੂਟ ਕਾਰਨ ਈਂਧਣ ਅਤੇ ਸਟਾਫ ਲਈ ਵੱਧ ਖਰਚ ਕਰਨਾ ਪੈ ਰਿਹਾ ਸੀ।