ਟਰੰਪ ਸਰਕਾਰ ਦੀ ਇਸ ਘੋਸ਼ਣਾ ਨੇ ਮੋਦੀ ਸਰਕਾਰ ਲਈ ਖੜ੍ਹੀ ਕੀਤੀ ਵੱਡੀ ਪਰੇਸ਼ਾਨੀ

Thursday, May 10, 2018 - 09:29 AM (IST)

ਟਰੰਪ ਸਰਕਾਰ ਦੀ ਇਸ ਘੋਸ਼ਣਾ ਨੇ ਮੋਦੀ ਸਰਕਾਰ ਲਈ ਖੜ੍ਹੀ ਕੀਤੀ ਵੱਡੀ ਪਰੇਸ਼ਾਨੀ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਕਰਨਾਟਕ ਵਿਚ 12 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਲਈ ਰੁੱਝੇ ਹੋਏ ਹਨ। ਉਨ੍ਹਾਂ ਦੀ ਸਰਕਾਰ ਨੇ ਕਰੀਬ ਅੱਧਾ ਦਰਜਨ ਸੂਬਿਆਂ ਵਿਚ ਚੋਣਾਂ ਦਾ ਸਾਹਮਣਾ ਕਰਨਾ ਹੈ। ਅਜਿਹੇ ਮਹੱਤਵਪੂਰਣ ਸਮੇਂ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਦੋਸਤ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਸਾਹਮਣੇ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਦਰਅਸਲ ਟਰੰਪ ਨੇ ਮੰਗਲਵਾਰ ਨੂੰ ਵੱਡਾ ਕਦਮ ਚੁੱਕਦੇ ਹੋਏ ਇਰਾਨ ਨਾਲ ਹੋਈ ਪਰਮਾਣੂ ਸੰਧੀ 'ਚੋਂ ਅਮਰੀਕਾ ਦੇ ਬਾਹਰ ਹੋਣ ਦੀ ਘੋਸ਼ਣਾ ਕਰ ਦਿੱਤੀ ਹੈ।
ਕਰਨਾਟਕ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਲਈ ਤਣਾਅ ਦੀ ਗੱਲ ਇਹ ਹੈ ਕਿ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਸਾਢੇ ਤਿੰਨ ਸਾਲ ਵਿਚ ਸਭ ਤੋਂ ਜ਼ਿਆਦਾ ਹਨ। ਅਜਿਹੀ ਸਥਿਤੀ ਵਿਚ ਸਰਕਾਰ ਨੂੰ ਆਪਣੇ ਕੰਟਰੋਲ ਵਾਲੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣਾ ਪਿਆ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਤੇਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਕੰਪਨੀਆਂ ਨੂੰ ਦੇ ਦਿੱਤਾ ਸੀ। 
ਇੰਡੀਅਨ ਆਇਲ ਦੀ ਵੈਬਸਾਈਟ 'ਤੇ ਉਪਲੱਬਧ ਅੰਕੜਿਆਂ ਤੋਂ ਸਪਸ਼ਟ ਹੈ ਕਿ ਆਇਲ ਮਾਰਕੀਟਿੰਗ ਕੰਪਨੀਆਂ(ਓ.ਐੱਮ.ਸੀ.) ਨੇ 24 ਅਪ੍ਰੈਲ ਤੋਂ ਤੇਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਹਾਲਾਂਕਿ ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਕਰੀਬ ਸਾਢੇ ਤਿੰਨ ਸਾਲ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਚੁੱਕੀਆਂ ਹਨ। ਸਰਕਾਰ ਦੇ ਤਣਾਅ ਦਾ ਕਾਰਨ ਸਿਰਫ ਵਿਧਾਨ ਸਭਾ ਚੋਣਾਂ ਹੀ ਨਹੀਂ ਸਗੋਂ ਇਹ ਵੀ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਮਹਿੰਗਾਈ ਵੀ ਵਧੇਗੀ। 
ਤੇਲ ਦੀਆਂ ਕੀਮਤਾਂ ਵਿਚ 10 ਡਾਲਰ ਦਾ ਵਾਧਾ ਹੋਣ ਨਾਲ ਭਾਰਤ ਦਾ ਚਾਲੂ ਖਾਤਾ ਘਾਟਾ 15 ਅਰਬ ਡਾਲਰ ਜਾਂ ਜੀ.ਡੀ.ਪੀ. ਦਾ 0.6 ਫੀਸਦੀ ਵਧ ਜਾਵੇਗਾ। ਇਸ ਨਾਲ ਵਿੱਤੀ ਘਾਟਾ ਜੀ.ਡੀ.ਪੀ. ਦਾ 0.1 ਫੀਸਦੀ ਵਧ ਜਾਵੇਗਾ। ਟਰੰਪ ਦੇ ਫੈਸਲੇ ਤੋਂ ਬਾਅਦ ਜੁਲਾਈ ਲਈ ਬ੍ਰੇਂਟ ਕੱਚਾ ਤੇਲ 2.5 ਫੀਸਦੀ ਜ਼ਿਆਦਾ ਕਰੀਬ 67.73 ਡਾਲਰ ਪ੍ਰਤੀ ਬੈਰਲ ਵਪਾਰ ਕਰ ਰਿਹਾ ਸੀ ਜੋ ਨਵੰਬਰ 2014 ਤੋਂ ਬਾਅਦ ਸਭ ਤੋਂ ਜ਼ਿਆਦਾ ਸੀ। 

ਟਰੰਪ ਨੇ ਕਿਹਾ
ਟਰੰਪ ਨੇ ਮੰਗਲਵਾਰ ਦੀ ਅੱਧੀ ਰਾਤ ਨੂੰ ਪ੍ਰੈੱਸ ਕਾਰਫਰੰਸ ਵਿਚ ਕਿਹਾ,' ਅਸੀਂ ਇਰਾਨ ਦੇ ਪ੍ਰਮਾਣੂ ਬੰਬ ਨੂੰ ਨਹੀਂ ਰੋਕ ਸਕਦੇ। ਇਰਾਨ ਨਾਲ ਇਕਰਾਰਨਾਮਾ ਅਸਲ ਵਿਚ ਨੁਕਸਦਾਰ ਹੈ ਇਸ ਲਈ ਮੈਂ ਇਰਾਨ ਪਰਮਾਣੂ ਸਮਝੌਤੇ ਨਾਲ ਅਮਰੀਕਾ ਦੀ ਵਾਪਸੀ ਦੀ ਘੋਸ਼ਣਾ ਕਰ ਰਿਹਾ ਹਾਂ। ਇਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਇਰਾਨ ਦੇ ਖਿਲਾਫ ਤਾਜ਼ਾ ਪਾਬੰਦੀਆਂ ਵਾਲੇ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਅਤੇ ਉਨ੍ਹਾਂ ਨੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਇਰਾਨ ਦੀ ਸਹਾਇਤਾ ਕਰਨ ਵਾਲੇ ਨੂੰ ਵੀ ਇਸ ਤਰ੍ਹਾਂ ਦੀ ਪਾਬੰਧੀ ਦਾ ਸਾਹਮਣਾ ਕਰਨਾ ਪਵੇਗਾ।
ਤੇਲ ਦੀ ਖੇਡ
ਤੇਲ ਦੀ ਖਪਤ ਦੇ ਮਾਮਲੇ ਵਿਚ ਭਾਰਤ ਦੁਨੀਆਂ ਦਾ ਤੀਜਾ ਵੱਡਾ ਦੇਸ਼ ਹੈ। ਭਾਰਤ ਜਿੰਨ੍ਹਾਂ ਦੇਸ਼ਾਂ ਕੋਲੋਂ ਤੇਲ ਖਰੀਦਦਾ ਹੈ, ਉਨ੍ਹਾਂ ਵਿਚ ਇਰਾਨ ਤੀਜੇ ਨੰਬਰ 'ਤੇ ਹੈ ਅਤੇ ਸਾਊਦੀ ਅਰਬ, ਇਰਾਕ ਪਹਿਲੇ ਅਤੇ ਦੂਜੇ ਨੰਬਰ 'ਤੇ ਆਉਂਦੇ ਹਨ। ਇਰਾਨ 'ਤੇ ਅਮਰੀਕਾ ਦੀ ਪਾਬੰਧੀ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਤੇਲ ਦੀ ਵਧ ਰਹੀਆਂ ਕੀਮਤਾਂ ਪਹਿਲਾਂ ਹੀ ਪਰੇਸ਼ਾਨ ਭਾਰਤ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਇਸ ਕਾਰਵਾਈ ਤੋਂ ਪਹਿਲਾਂ ਹੀ ਵਰਲਡ ਬੈਂਕ ਨੇ ਤੇਲ ਦੀਆਂ ਕੀਮਤਾਂ 'ਚ 20 ਫੀਸਦੀ ਵਾਧੇ ਦਾ ਅੰਦਾਜ਼ਾ ਲਗਾਇਆ ਸੀ।


Related News