ਡੀ. ਟੀ. ਐੱਚ. ਕੰਪਨੀਆਂ ਨੂੰ ਵੱਡਾ ਝਟਕਾ, 2 ਕਰੋੜ ਲੋਕਾਂ ਨੇ ਛੱਡੀਆਂ ਸੇਵਾਵਾਂ!

10/05/2019 7:38:51 PM

ਨਵੀਂ ਦਿੱਲੀ (ਇੰਟ.)-ਟੈਲੀਕਾਮ ਰੈਗੂਲੇਟਰ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਨਿਯਮਾਂ ਨਾਲ ਡੀ. ਟੀ. ਐੱਚ. ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਟਰਾਈ ਦੇ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਲਗਭਗ 2 ਕਰੋੜ ਲੋਕਾਂ ਨੇ ਡੀ. ਟੀ. ਐੱਚ. ਕੰਪਨੀਆਂ ਦੀਆਂ ਸੇਵਾਵਾਂ ਲੈਣੀਆਂ ਛੱਡ ਦਿੱਤੀਆਂ ਹਨ। ਦਰਅਸਲ ਗਾਹਕ ਬਿੱਲਾਂ ਦੇ ਘੱਟ ਹੋਣ ਦੀ ਉਮੀਦ ਲਾਈ ਬੈਠੇ ਸਨ ਪਰ ਡੀ. ਟੀ. ਐੱਚ. ਬਿੱਲਾਂ 'ਚ 25 ਫੀਸਦੀ ਦਾ ਵਾਧਾ ਹੋ ਗਿਆ ਹੈ।

ਟਰਾਈ ਦੀ ਇਕ ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ 'ਚ ਸਰਵਿਸ ਦੇ ਕੁਲ 54.26 ਮਿਲੀਅਨ ਸਬਸਕ੍ਰਾਈਬਰਸ ਸਨ, ਜਦਕਿ ਸਾਲ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ-ਮਾਰਚ 'ਚ ਕੁਲ ਸਬਸਕ੍ਰਾਈਬਰਸ 72.44 ਮਿਲੀਅਨ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਨਵੇਂ ਟੈਰਿਫ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਦਰਜ ਕੀਤੀ ਗਈ ਹੈ। ਟਾਟਾ ਸਕਾਈ, ਡਿਸ਼ ਟੀ. ਵੀ. ਤੇ ਏਅਰਟੈੱਲ ਵਰਗੀਆਂ ਡੀ. ਟੀ. ਐੱਚ. ਕੰਪਨੀਆਂ ਨਿਸ਼ਚਿਤ ਤੌਰ 'ਤੇ ਪ੍ਰਭਾਵਿਤ ਹੋਣਗੀਆਂ। ਹਾਲਾਂਕਿ ਕਿਸ 'ਤੇ ਕੰਨਾ ਅਸਰ ਪਿਆ ਹੈ, ਇਸ 'ਤੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਓ. ਟੀ. ਟੀ. ਸਰਵਿਸਿਜ਼ ਨੇ ਵੀ ਡੀ. ਟੀ. ਐੱਚ. ਸੇਵਾਵਾਂ ਨੂੰ ਕੀਤਾ ਪ੍ਰਭਾਵਿਤ
ਟਰਾਈ ਦੇ ਨਵੇਂ ਟੈਰਿਫ ਨਿਯਮਾਂ ਦੀ ਵਜ੍ਹਾ ਨਾਲ ਜ਼ਿਆਦਾਤਰ ਗਾਹਕਾਂ ਦੇ ਕੇਬਲ ਟੀ. ਵੀ. ਬਿੱਲ 'ਚ ਵਾਧਾ ਹੋਇਆ ਹੈ। ਇਸ ਵਜ੍ਹਾ ਨਾਲ ਜਾਂ ਤਾਂ ਉਹ ਘੱਟ ਚੈਨਲ ਚੁਣਨ ਲਈ ਮਜਬੂਰ ਹਨ ਜਾਂ ਫਿਰ ਉਹ ਫ੍ਰੀ ਵੀਡੀਓ ਸਟ੍ਰੀਮਿੰਗ ਸਰਵਿਸਿਜ਼ ਵੱਲ ਰੁਖ ਕਰ ਰਹੇ ਹਨ। ਓ. ਟੀ. ਟੀ. ਸਰਵਿਸਿਜ਼ ਨੇ ਵੀ ਡੀ. ਟੀ. ਐੱਚ. ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਜ਼ੀ ਐਂਟਰਟੇਨਮੈਂਟ ਦਾ ਜ਼ੀ5, ਸਟਾਰ ਇੰਡੀਆ ਦਾ ਹੌਟਸਟਾਰ ਤੇ ਸੋਨੀ ਦੇ ਸੋਨੀ ਲਾਈਵ ਨੇ ਸਬਸਕ੍ਰਾਈਬਰਸ ਦੀ ਗਿਣਤੀ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਮੰਚਾਂ 'ਤੇ ਗਾਹਕਾਂ ਨੂੰ ਮੁਫਤ ਟੀ. ਵੀ. ਸ਼ੋਅ ਵੇਖਣ ਨੂੰ ਮਿਲਦੇ ਹਨ। ਉਥੇ ਹੀ ਇਨ੍ਹਾਂ ਐਪਸ ਦੇ ਪੇਡ ਵਰਜ਼ਨ 'ਤੇ ਯੂਜ਼ਰਸ ਤੋਂ ਡੀ. ਟੀ. ਐੱਚ. ਵਾਂਗ ਮੋਟੀ ਰਾਸ਼ੀ ਨਹੀਂ ਵਸੂਲੀ ਜਾਂਦੀ।

ਆਨ ਡਿਮਾਂਡ ਕੰਟੈਂਟ ਵੀ ਕਾਰਣ
ਡੀ. ਟੀ. ਐੱਚ. ਸਬਸਕ੍ਰਾਈਬਰਸ ਦੀ ਗਿਣਤੀ 'ਚ ਕਮੀ ਦਾ ਇਕ ਮੁੱਖ ਕਾਰਣ ਆਨ ਡਿਮਾਂਡ ਕੰਟੈਂਟ ਵੀ ਮੰਨਿਆ ਜਾ ਰਿਹਾ ਹੈ। ਮੰਥਲੀ ਡੀ. ਟੀ. ਐੱਚ. ਬਿੱਲਾਂ 'ਚ ਵਾਧੇ ਕਾਰਣ ਗਾਹਕ ਆਪਣੇ ਪੈਕੇਜ ਨੂੰ ਰੀਨਿਊ ਨਹੀਂ ਕਰ ਰਹੇ, ਸਗੋਂ ਉਹ ਆਨ ਡਿਮਾਂਡ ਕੰਟੈਂਟ ਵੱਲ ਵਧ ਰਹੇ ਹਨ। ਹਾਈਸਪੀਡ ਤੇ ਘੱਟ ਕੀਮਤ ਦੇ ਮੋਬਾਇਲ ਇੰਟਰਨੈੱਟ ਨੇ ਟੀ. ਵੀ. ਵੇਖਣ ਵਾਲਿਆਂ ਨੂੰ ਮੋਬਾਇਲ ਵੱਲ ਸ਼ਿਫਟ ਕੀਤਾ ਹੈ। ਹੁਣ ਗਾਹਕ ਨੈਟਫਲਿਕਸ, ਐਮਾਜ਼ੋਨ ਤੇ ਹੌਟਸਟਾਰ 'ਤੇ ਆਪਣੇ ਪਸੰਦੀਦਾ ਕੰਟੈਂਟ ਨੂੰ ਕਦੇ ਵੀ ਅਤੇ ਕਿਸੇ ਵੀ ਟਾਈਮ ਵੇਖ ਸਕਦੇ ਹਨ।

ਕੇਬਲ ਟੀ. ਵੀ. ਸਬਸਕ੍ਰਾਈਬਰਸ ਨੂੰ ਰਾਹਤ, 130 ਰੁਪਏ 'ਚ ਹੁਣ ਮਿਲਣਗੇ 150 ਚੈਨਲ
ਓਧਰ ਕੇਬਲ ਟੀ. ਵੀ. ਸਬਸਕ੍ਰਾਈਬਰਸ ਲਈ ਇਕ ਚੰਗੀ ਖਬਰ ਆਈ ਹੈ। ਹੁਣ ਉਨ੍ਹਾਂ ਨੂੰ 130 ਰੁਪਏ ਦੇ ਐੱਨ. ਸੀ. ਐੱਫ. ਚਾਰਜ 'ਚ ਪਹਿਲਾਂ ਤੋਂ ਜ਼ਿਆਦਾ ਚੈਨਲ ਵੇਖਣ ਨੂੰ ਮਿਲਣਗੇ। ਨਵੇਂ ਟੈਰਿਫ ਨਿਯਮਾਂ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਜ਼ਿਆਦਾਤਰ ਗਾਹਕਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਲਈ ਹੁਣ ਟੀ. ਵੀ. ਵੇਖਣਾ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ। ਟਰਾਈ ਇਸ ਕਮੀ ਨੂੰ ਠੀਕ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਆਲ ਇੰਡੀਆ ਡਿਜੀਟਲ ਕੇਬਲ ਫੈੱਡਰੇਸ਼ਨ ਨੇ ਗਾਹਕਾਂ ਨੂੰ ਇਸ ਤੋਂ ਰਾਹਤ ਦੇ ਦਿੱਤੀ ਹੈ। ਹਾਲ 'ਚ ਹੋਈ ਮੀਟਿੰਗ 'ਚ ਆਲ ਇੰਡੀਆ ਡਿਜੀਟਲ ਕੇਬਲ ਫੈੱਡਰੇਸ਼ਨ ਨੇ ਸਬਸਕ੍ਰਿਪਸ਼ਨ ਕਾਸਟ ਨੂੰ ਘੱਟ ਕਰਨ ਲਈ ਕੀਮਤਾਂ 'ਚ ਜ਼ਰੂਰੀ ਬਦਲਾਅ ਕਰ ਦਿੱਤਾ ਹੈ। ਫੈੱਡਰੇਸ਼ਨ ਨੇ ਤੈਅ ਕੀਤਾ ਹੈ ਕਿ ਹੁਣ ਉਹ ਗਾਹਕਾਂ ਨੂੰ 130 ਰੁਪਏ ਦੇ ਐੱਨ. ਸੀ. ਐੱਫ. ਚਾਰਜ 'ਚ 150 ਸਟੈਂਡਰਡ ਡੈਫੀਨੇਸ਼ਨ (ਐੱਸ. ਡੀ.) ਚੈਨਲ ਵਿਖਾਏਗਾ ਜੋ ਪਹਿਲਾਂ ਸਿਰਫ 100 ਸਨ। ਫੈੱਡਰੇਸ਼ਨ ਦੇ ਪ੍ਰੈਜ਼ੀਡੈਂਟ ਐੱਸ. ਐੱਨ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਫੈੱਡਰੇਸ਼ਨ ਦੇ ਮੈਂਬਰਾਂ ਨਾਲ ਇਸ ਬਾਰੇ ਕਾਫੀ ਚਰਚਾ ਕੀਤੀ। ਇਸ ਚਰਚਾ 'ਚ 130 ਰੁਪਏ ਦੇ ਨੈੱਟਵਰਕ ਕਪੈਸਟੀ ਫੀਸ 'ਚ 150 ਐੱਸ. ਡੀ. ਚੈਨਲ ਵਿਖਾਉਣ ਦਾ ਫੈਸਲਾ ਕੀਤਾ ਗਿਆ ਹੈ।


Karan Kumar

Content Editor

Related News