ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫ਼ੈਸਲੇ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ
09/20/2023 10:55:45 AM

ਮੁੰਬਈ (ਭਾਸ਼ਾ) - ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫ਼ੈਸਲੇ ਤੋਂ ਪਹਿਲਾਂ ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ ਵਿਚਾਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ। ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਐੱਚਡੀਐਫਸੀ ਬੈਂਕ ਦੇ ਸ਼ੇਅਰਾਂ ਦੀ ਵਿਕਰੀ ਨਾਲ ਵੀ ਬਾਜ਼ਾਰ ਦੀ ਧਾਰਨਾ ਪ੍ਰਭਾਵਿਤ ਹੋਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 611.48 ਅੰਕ ਡਿੱਗ ਕੇ 66,985.36 ਅੰਕ 'ਤੇ ਆ ਗਿਆ। NSE ਨਿਫਟੀ 164.4 ਅੰਕਾਂ ਦੇ ਨੁਕਸਾਨ ਦੇ ਨਾਲ 19,968.90 'ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਐੱਚਡੀਐੱਫਸੀ ਬੈਂਕ ਵਿੱਚ ਸਭ ਤੋਂ ਵੱਧ ਤਿੰਨ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਮਾਰੂਤੀ, ਟਾਈਟਨ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਵੀ ਘਾਟੇ 'ਚ ਰਹੇ। ਜਦੋਂ ਕਿ ਐਨਟੀਪੀਸੀ, ਇੰਡਸਇੰਡ ਬੈਂਕ, ਐਕਸਿਸ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਮੁਨਾਫੇ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਗਿਰਾਵਟ 'ਚ ਰਿਹਾ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ।