ਭੋਗਪੁਰਮ ਹਵਾਈ ਅੱਡੇ ਲਈ GMR ਦਾ ਆਂਧਰਾ ਪ੍ਰਦੇਸ਼ ਸਰਕਾਰ ਨਾਲ ਸਮਝੌਤਾ

Saturday, Jun 13, 2020 - 02:22 PM (IST)

ਭੋਗਪੁਰਮ ਹਵਾਈ ਅੱਡੇ ਲਈ GMR ਦਾ ਆਂਧਰਾ ਪ੍ਰਦੇਸ਼ ਸਰਕਾਰ ਨਾਲ ਸਮਝੌਤਾ

ਭੋਗਪੁਰਮ (ਵਾਰਤਾ) : ਜੀ.ਐੱਮ.ਆਰ. ਸਮੂਹ ਦੀ ਇਕਾਈ ਜੀ.ਐਮ.ਆਰ. ਵਿਸ਼ਾਖਾਪਟਨਮ ਕੌਮਾਂਤਰੀ ਹਵਾਈ ਅੱਡਾ ਲਿਮਿਟਡ (ਜੀ.ਵੀ.ਆਈ.ਏ.ਐੱਲ.) ਨੇ ਆਂਧਰਾ ਪ੍ਰਦੇਸ਼ ਦੇ ਭੋਗਪੁਰਮ ਵਿਚ ਨਵਾਂ ਹਵਾਈ ਅੱਡਾ ਬਣਾਉਣ ਲਈ ਸੂਬਾ ਸਰਕਾਰ ਨਾਲ ਰਿਆਇਤ ਸਮਝੌਤੇ 'ਤੇ ਦਸਤਖਤ ਕੀਤੇ ਹਨ। ਭੋਗਪੁਰਮ ਹਵਾਈ ਅੱਡੇ ਦੇ ਨਿਰਮਾਣ ਲਈ ਬੋਲੀ ਪ੍ਰਕਿਰਿਆ ਵਿਚ ਇਸ ਦੀ ਅਲਾਟਮੈਂਟ ਜੀ.ਐੱਮ.ਆਰ. ਸਮੂਹ ਨੂੰ ਕੀਤੀ ਗਈ ਸੀ। ਸੂਬਾ ਸਰਕਾਰ ਨਾਲ ਰਿਆਇਤ ਸਮਝੌਤੇ 'ਤੇ ਦਸਤਖਤ ਨਾਲ ਰਸਮੀ ਤੌਰ 'ਤੇ ਹਵਾਈ ਅੱਡੇ ਦੇ ਨਿਰਮਾਣ ਅਤੇ ਸੰਚਾਲਨ ਦਾ ਅਧਿਕਾਰ ਉਸ ਨੂੰ ਮਿਲ ਗਿਆ ਹੈ। ਸਮੂਹ ਨੂੰ 40 ਸਾਲ ਲਈ ਇਸ ਹਵਾਈ ਅੱਡੇ ਦੇ ਸੰਚਾਲਨ ਦਾ ਅਧਿਕਾਰ ਮਿਲਿਆ ਹੈ ਜਿਸ ਨੂੰ ਬਾਅਦ ਵਿਚ 20 ਸਾਲ ਹੋਰ ਵਧਾਇਆ ਜਾ ਸਕੇਗਾ।

ਜੀ.ਐੱਮ.ਆਰ. ਸਮੂਹ ਨੇ ਅੱਜ ਦੱਸਿਆ ਕਿ ਪਹਿਲੇ ਪੜਾਅ ਦਾ ਨਿਰਮਾਣ ਪੂਰਾ ਹੋਣ ਦੇ ਬਾਅਦ ਇਹ ਹਵਾਈ ਅੱਡਾ ਸਾਲਾਨਾ 60 ਲੱਖ ਯਾਤਰੀਆਂ ਦੀ ਆਵਾਜਾਈ ਲਈ ਤਿਆਰ ਹੋਵੇਗਾ। ਸਮਝੌਤੇ ਦੀ ਮਿਆਦ ਦੌਰਾਨ ਹਵਾਈ ਅੱਡੇ ਦੀ ਡਿਜ਼ਾਈਨਿੰਗ, ਨਿਰਮਾਣ, ਵਿੱਤ ਦੀ ਵਿਵਸਥਾ, ਵਿਕਾਸ, ਸੰਚਾਲਨ ਅਤੇ ਰੱਖ-ਰਖਾਅ ਦੀ ਜ਼ਿੰਮੇਦਾਰੀ ਜੀ.ਵੀ.ਆਈ.ਏ.ਐੱਲ. ਦੀ ਹੋਵੇਗੀ। ਵਿਸ਼ਾਖਾਪਟਨਮ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਬਣਨ ਵਾਲਾ ਭੋਗਪੁਰਮ ਹਵਾਈ ਅੱਡਾ ਆਂਧਰਾ ਪ੍ਰਦੇਸ਼ ਦਾ ਮੁੱਖ ਹਵਾਈ ਅੱਡਾ ਹੋਵੇਗਾ। ਸੂਬੇ ਦੀ ਵੰਡ ਦੇ ਬਾਅਦ ਹੈਦਰਾਬਾਦ ਹਵਾਈ ਅੱਡਾ ਤੇਲੰਗਾਨਾ ਵਿਚ ਚਲਾ ਗਿਆ ਹੈ। ਵਿਸ਼ਾਖਾਪਟਨਮ ਵਿਚ ਜਲ ਸੈਨਾ ਦੇ ਹਵਾਈ ਅੱਡੇ ਤੋਂ ਅਜੇ ਨਾਗਰਿਕ ਜਹਾਜ਼ ਸੇਵਾਵਾਂ ਦਾ ਵੀ ਸੰਚਾਲਨ ਕੀਤਾ ਜਾਂਦਾ ਹੈ। ਜੀ.ਐੱਮ.ਆਰ. ਸਮੂਹ ਨੇ ਦੱਸਿਆ ਕਿ ਪਿਛਲੇ ਸਾਲ ਉੱਥੇ 27.8 ਲੱਖ ਯਾਤਰੀਆਂ ਦੀ ਆਵਾਜਾਈ ਰਹੀ ਸੀ ਅਤੇ 4,400 ਟਨ ਮਾਲ ਢੁਲਾਈ ਹੋਈ ਸੀ। ਪਿਛਲੇ 5 ਸਾਲ ਵਿਚ ਯਾਤਰੀ ਆਵਾਜਾਈ 21 ਫ਼ੀਸਦੀ ਸਾਲਾਨਾ ਦੇ ਔਸਤ ਤੋਂ ਵੱਧ ਰਹੀ ਹੈ।


author

cherry

Content Editor

Related News