AIRTEL ਜੁਟਾਏਗੀ 21,000 ਕਰੋੜ ਰੁਪਏ ਫੰਡ, ਇਸ ਦਿਨ ਖੁੱਲ੍ਹੇਗਾ ਰਾਈਟ ਇਸ਼ੂ
Thursday, Sep 23, 2021 - 09:09 AM (IST)
ਨਵੀਂ ਦਿੱਲੀ- ਦੂਰੰਸਚਾਰ ਕੰਪਨੀ ਭਾਰਤੀ ਏਅਰਟੈੱਲ ਦਾ ਤਕਰੀਬਨ 21,000 ਕਰੋੜ ਰੁਪਏ ਦਾ ਰਾਈਟ ਇਸ਼ੂ ਪੰਜ ਅਕਤੂਬਰ ਨੂੰ ਖੁੱਲ੍ਹੇਗਾ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਰਾਈਟ ਇਸ਼ੂ ਦੀ ਯੋਗਤਾ ਨੂੰ ਲੈ ਕੇ ਰਿਕਾਰਡ ਤਾਰੀਖ਼ 28 ਸਤੰਬਰ ਤੈਅ ਕੀਤੀ ਗਈ ਹੈ।
ਭਾਰਤੀ ਏਅਰਟੈੱਲ ਦੇ ਨਿਰਦੇਸ਼ਕ ਮੰਡਲ ਨੇ 29 ਅਗਸਤ ਨੂੰ ਰਾਈਟ ਇਸ਼ੂ ਜ਼ਰੀਏ 21,000 ਕਰੋੜ ਰੁਪਏ ਜੁਟਾਉਣ ਨੂੰ ਮਨਜ਼ੂਰੀ ਦਿੱਤੀ ਸੀ। ਇਹ ਰਾਸ਼ੀ 230 ਰੁਪਏ ਦੇ ਪ੍ਰੀਮੀਅਮ ਸਮੇਤ 535 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਜੁਟਾਈ ਜਾਵੇਗੀ।
ਕੰਪਨੀ ਨੇ ਸੂਚਨਾ ਵਿਚ ਕਿਹਾ ਕਿ ਉਸ ਦੀ ਨਿਰਦੇਸ਼ਕਾਂ ਦੀ ਵਿਸ਼ੇਸ਼ ਕਮੇਟੀ ਨੇ ਰਾਈਟ ਇਸ਼ੂ ਖੁੱਲ੍ਹਣ ਲਈ ਪੰਜ ਅਕਤੂਬਰ ਦੀ ਤਾਰੀਖ਼ ਨੂੰ ਮਨਜ਼ੂਰੀ ਦਿੱਤੀ ਹੈ, ਜਦੋਂ ਕਿ 21 ਅਕਤੂਬਰ ਨੂੰ ਇਹ ਬੰਦ ਹੋਵੇਗਾ। ਕਮੇਟੀ ਨੇ ਸ਼ੇਅਰਧਾਰਕਾਂ ਦੀ ਯੋਗਤਾ ਦੇ ਨਿਰਧਾਰਣ ਲਈ ਰਿਕਾਰਡ ਤਾਰੀਖ਼ ਦੇ ਰੂਪ ਵਿਚ 28 ਸਤੰਬਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮੈਗਾ ਫੰਡ ਜੁਟਾਉਣ ਦੀ ਯੋਜਨਾ ਨਾਲ ਏਅਰਟੈੱਲ ਨੂੰ ਭਾਰਤੀ ਦੂਰਸੰਚਾਰ ਬਾਜ਼ਾਰ ਵਿਚ ਆਪਣੇ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਤਾਕਤ ਮਿਲੇਗੀ। ਸੁਨੀਲ ਮਿੱਤਲ ਦੀ ਅਗਵਾਈ ਵਾਲੀ ਭਾਰਤੀ ਏਅਰਟੈੱਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ। ਇਸ ਦੇ 35.2 ਕਰੋੜ ਮੋਬਾਇਲ ਗਾਹਕ ਹਨ।