ਵੱਡੀ ਖ਼ਬਰ! ਖ਼ਾਤਾਧਾਰਕਾਂ ਨੂੰ ਬੈਂਕ ਹੁਣ ਸਿਰਫ਼ ਇਹ ਕਾਰਡ ਹੀ ਕਰਨਗੇ ਜਾਰੀ
Tuesday, Nov 10, 2020 - 08:42 PM (IST)
ਮੁੰਬਈ— ਹੁਣ ਖ਼ਾਤਾਧਾਰਕਾਂ ਨੂੰ ਸਰਕਾਰੀ ਬੈਂਕ ਜਲਦ ਹੀ ਸਿਰਫ਼ ਰੁਪੈ ਕਾਰਡ ਹੀ ਜਾਰੀ ਕਰਨ ਵਾਲੇ ਹਨ। ਵਿੱਤ ਮੰਤਰੀ ਨਿਰਮਾਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਬੈਂਕ ਸਿਰਫ ਰੁਪੈ ਕਾਰਡ ਜਾਰੀ ਕਰਨ 'ਤੇ ਹੀ ਜ਼ੋਰ ਦੇਣ ਕਿਉਂਕਿ ਰੁਪੈ ਕਾਰਡ ਨੈੱਟਵਰਕ ਵਿਸ਼ਵ ਪੱਧਰੀ ਬਣ ਰਿਹਾ ਹੈ ਇਸ ਲਈ ਭਾਰਤੀ ਖ਼ਾਤਾਧਾਰਕਾਂ ਨੂੰ ਹੋਰ ਕਾਰਡ ਪੇਸ਼ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ।
ਸਰਕਾਰ ਦਾ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਇਸ ਨਾਲ ਕਾਰਡ ਨੈੱਟਵਰਕ ਵੀਜ਼ਾ ਅਤੇ ਮਾਸਟਰਕਾਰਡ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।
ਇਸ ਸਾਲ ਜਨਵਰੀ ਤੋਂ ਭਾਰਤ 'ਚ ਕੁੱਲ 87.2 ਕਰੋੜ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਚੋਂ ਤਕਰੀਬਨ 60 ਕਰੋੜ ਰੁਪੈ ਕਾਰਡ ਜਾਰੀ ਹੋਏ ਹਨ। ਭਾਰਤ 'ਚ ਇਹ ਕਾਰਡ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਵੱਲੋਂ ਪੇਸ਼ ਕੀਤਾ ਗਿਆ ਹੈ।
ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖੁੱਲ੍ਹਣ ਵਾਲੇ ਖਾਤੇ ਨਾਲ ਰੁਪੈ ਕਾਰਡਾਂ ਹੀ ਦੇਣ ਨਾਲ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਭਾਰਤੀ ਬੈਂਕ ਸੰਘ ਦੀ ਸਾਲਾਨਾ ਬੈਠਕ ਨੂੰ ਸੰਬੋਧਨ ਕਰਦੇ ਸੀਤਾਰਮਨ ਨੇ ਕਿਹਾ ਕਿ ਜੋ ਕੋਈ ਵੀ ਤੁਹਾਡੇ ਤੋਂ ਕਾਰਡ ਮੰਗਦਾ ਹੈ ਉਸ ਨੂੰ ਰੁਪੈ ਕਾਰਡ ਹੀ ਜਾਰੀ ਕੀਤਾ ਜਾਵੇ। ਇਸ ਨਾਲ ਐੱਨ. ਪੀ. ਸੀ. ਆਈ. ਨੂੰ ਵਿਸ਼ਵ ਪੱਧਰੀ ਬਰਾਂਡ ਬਣਾਉਣ 'ਚ ਮਦਦ ਮਿਲੇਗੀ।