ਬੈਂਕਿੰਗ ਸੈਕਟਰ ''ਤੇ ਆਉਣ ਵਾਲਾ ਹੈ ਖਤਰਾ? ਦਾਸ ਦਾ ਅਲਰਟ
Thursday, Dec 12, 2019 - 10:40 AM (IST)

ਮੁੰਬਈ — ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਚੁਣੌਤੀ ਮੌਜੂਦਾ ਸਰਕਾਰ 'ਤੇ ਲਗਾਤਾਰ ਬਣੀ ਹੋਈ ਹੈ। ਇਸ ਦੌਰਾਨ ਰਿਜ਼ਰਵ ਬੈਂਕ ਦੇ ਗਵਰਨਰ ਨੇ ਬੁੱਧਵਾਰ ਦੇ ਦਿਨ ਯਾਨੀ ਕਿ ਕੱਲ੍ਹ ਬੈਂਕਾਂ ਨੂੰ ਕਿਹਾ ਕਿ ਮੌਜੂਦਾ ਆਰਥਿਕ ਸਥਿਤੀ ਚੁਣੌਤੀ ਬਣ ਕੇ ਉਨ੍ਹਾਂ ਸਾਹਮਣੇ ਆ ਸਕਦੀ ਹੈ। ਇਸ ਲਈ ਬੈਂਕਾਂ ਨੂੰ ਪੂਰੀ ਮੁਸਤੈਦੀ ਨਾਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਂਕਿੰਗ ਸੈਕਟਰ 'ਚ ਸੁਧਾਰ ਹੋ ਰਿਹਾ ਹੈ।
ਗਵਰਨਰ ਦੀ ਬੈਠਕ ਬੈਂਕਾਂ ਨਾਲ
ਬੁੱਧਵਾਰ ਨੂੰ ਸ਼ਕਤੀਕਾਂਤ ਦਾਸ ਨੇ ਬੈਂਕਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਬੈਂਕਰਾਂ ਨੂੰ ਕਿਹਾ ਕਿ ਬੈਂਕਿੰਗ ਸੈਕਟਰ 'ਚ ਸੁਧਾਰ ਆ ਰਿਹਾ ਹੈ ਅਤੇ ਸਥਿਤੀ ਮਜ਼ਬੂਤ ਹੋ ਰਹੀ ਹੈ। ਇਸ ਬੈਠਕ ਵਿਚ ਸਟ੍ਰੈਸਡ ਅਸੇਟਸ ਨੂੰ ਲੈ ਕੇ ਚਰਚਾ ਹੋਈ। ਦਾਸ ਨੇ ਬੈਂਕ ਪ੍ਰਮੁੱਖਾਂ ਨੂੰ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਦੇ ਹੱਲ ਲਈ ਆਪਸ 'ਚ ਬਿਹਤਰ ਤਾਲਮੇਲ ਸਥਾਪਤ ਕਰਨ।
ਵਾਧਾ ਦਰ 4.5 ਫੀਸਦੀ ਪਹੁੰਚੀ
ਦਸੰਬਰ ਦੇ ਪਹਿਲੇ ਹਫਤੇ ਵਿਚ ਮਾਨਿਟਰੀ ਪਾਲਸੀ ਕਮੇਟੀ ਦੀ ਬੈਠਕ 'ਚ ਇਸ ਵਾਰ ਸਰਬਸੰਮਤੀ ਨਾਲ ਰੇਪੋ ਰੇਟ ਨਾ ਘਟਾਉਣ ਦਾ ਫੈਸਲਾ ਲਿਆ ਗਿਆ। ਦਾਸ ਨੇ ਬੈਂਕ ਪ੍ਰਮੁੱਖਾਂ ਨੂੰ ਕਿਹਾ ਕਿ ਉਹ ਰੇਟ ਕੱਟ ਦਾ ਪੂਰਾ ਲਾਭ ਆਪਣੇ ਗਾਹਕਾਂ ਤੱਕ ਪਹੁੰਚਾਉਣ। ਦੂਜੀ ਤਿਮਾਹੀ ਵਿਚ ਵਿਕਾਸ ਦਰ ਘੱਟ ਕੇ 4.5 ਫੀਸਦੀ 'ਤੇ ਪਹੁੰਚ ਗਈ ਜਿਹੜੀ ਕਿ ਪਿਛਲੇ ਸਾਲਾਂ ਦਾ ਘੱਟੋ-ਘੱਟ ਪੱਧਰ ਹੈ।
ਲੱਖਾਂ ਕਰੋੜਾਂ ਦਾ ਬੈਡ ਲੋਨ
ਬੈਂਕਿੰਗ ਸੈਕਟਰ 'ਤੇ ਕਰੀਬ 10 ਲੱਖ ਕਰੋੜ ਦੇ ਬੈਡ ਲੋਨ ਦਾ ਬੋਝ ਹੈ। ਕਰੀਬ 4 ਲੱਖ ਕਰੋੜ ਦਾ ਲੋਨ ਤਾਂ ਟੈਲੀਕਾਮ ਕੰਪਨੀਆਂ 'ਤੇ ਹੀ ਹੈ। ਇਨ੍ਹਾਂ ਕੰਪਨੀਆਂ ਦੀ ਹਾਲਤ ਠੀਕ ਨਹੀਂ ਹੈ ਅਤੇ ਇਹ ਹੀ ਹਾਲ ਦੂਜੇ ਸੈਕਟਰ ਦੀਆਂ ਕੰਪਨੀਆਂ ਦਾ ਵੀ ਹੈ। ਅਰਥਵਿਵਸਥਾ ਵਿਚ ਸੁਸਤੀ ਦੇ ਕਾਰਨ ਬੈਂਕਾਂ 'ਤੇ ਜ਼ਿਆਦਾ ਲੋਨ ਵੰਡਣ ਦਾ ਦਬਾਅ ਵੀ ਹੈ।