ਵੱਡਾ ਝਟਕਾ! ਬੜੌਦਾ ਬੈਂਕ ਨੂੰ ਚੌਥੀ ਤਿਮਾਹੀ 'ਚ 1,046 ਕਰੋੜ ਰੁ: ਦਾ ਘਾਟਾ
Saturday, May 29, 2021 - 04:42 PM (IST)

ਨਵੀਂ ਦਿੱਲੀ- ਸਰਕਾਰੀ ਖੇਤਰ ਦੇ ਬੜੌਦਾ ਬੈਂਕ ਨੇ ਵਿੱਤੀ ਸਾਲ 2020-21 ਦੀ 31 ਮਾਰਚ ਨੂੰ ਸਮਾਪਤ ਹੋਈ ਤਿਮਾਹੀ ਵਿਚ 1,046 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਹੈ। ਬੈਂਕ ਨੇ ਸ਼ਨੀਵਾਰ ਨੂੰ ਵਿੱਤੀ ਨਤੀਜੇ ਜਾਰੀ ਕੀਤੇ ਹਨ। ਪਿਛਲੇ ਸਾਲ ਦੀ ਇਸੇ ਮਿਆਦ ਵਿਚ ਬੜੌਦਾ ਬੈਂਕ ਨੇ 506.6 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।
ਬੈਂਕ ਨੂੰ ਐੱਨ. ਪੀ. ਏ. ਕਾਰਨ ਇਹ ਝਟਕਾ ਲੱਗਾ ਹੈ। ਮਾਰਚ ਨੂੰ ਖ਼ਤਮ ਹੋਈ ਤਿਮਾਹੀ ਵਿਚ ਬੈਂਕ ਦੀ ਸ਼ੁੱਧ ਵਿਆਜ ਆਮਦਨ 4.5 ਫ਼ੀਸਦੀ ਵੱਧ ਕੇ 7,107 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸ ਮਿਆਦ ਯਾਨੀ ਮਾਰਚ 2020 ਤਿਮਾਹੀ ਵਿਚ 6,798.2 ਕਰੋੜ ਰੁਪਏ ਰਹੀ ਸੀ।
ਇਕਜੁੱਟ ਆਧਾਰ 'ਤੇ ਬੈਂਕ ਦਾ ਸ਼ੁੱਧ ਘਾਟਾ 740 ਕਰੋੜ ਰੁਪਏ ਰਿਹਾ। ਬੜੌਦਾ ਬੈਂਕ ਦਾ ਐੱਨ. ਪੀ. ਏ. ਚੌਥੀ ਤਿਮਾਹੀ ਵਿਚ ਵੱਧ ਕੇ 8.87 ਫ਼ੀਸਦੀ 'ਤੇ ਪਹੁੰਚ ਗਿਆ, ਜੋ ਤੀਜੀ ਤਿਮਾਹੀ ਵਿਚ 8.48 ਫ਼ੀਸਦੀ ਸੀ। ਇਸ ਦੌਰਾਨ ਬੈਂਕ ਦਾ ਸ਼ੁੱਧ ਐੱਨ. ਪੀ. ਏ. 3.09 ਫ਼ੀਸਦੀ ਰਿਹਾ। ਇਸ ਦੇ ਨਾਲ ਹੀ ਬੜੌਦਾ ਬੈਂਕ ਨੇ ਵਿੱਤੀ ਸਾਲ 2020-21 ਲਈ ਲਾਭਅੰਸ਼ ਰੋਕ ਲਿਆ ਹੈ। ਸ਼ੁੱਕਰਵਾਰ ਨੂੰ ਐੱਨ. ਐੱਸ. ਈ. 'ਤੇ ਬੜੌਦਾ ਬੈਂਕ ਦਾ ਸ਼ੇਅਰ 83.85 ਰੁਪਏ 'ਤੇ ਬੰਦ ਹੋਇਆ ਸੀ। ਬੈਂਕ ਬੋਰਡ ਨੇ 5,000 ਕਰੋੜ ਰੁਪਏ ਦੀ ਵਾਧੂ ਪੂੰਜੀ ਜੁਟਾਉਣ ਦੀ ਮਨਜ਼ੂਰੀ ਦਿੱਤੀ ਹੈ।