ਪਹਿਲੇ ਨਰਾਤੇ ਮੌਕੇ ਬੈਂਕ ਆਫ ਬੜੌਦਾ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਹੋਮ ਲੋਨ ਦੀਆਂ ਦਰਾਂ ’ਚ ਕੀਤੀ ਵੱਡੀ ਕਟੌਤੀ
Friday, Oct 08, 2021 - 04:07 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਨਰਾਤਿਆਂ ਦੇ ਪਹਿਲੇ ਦਿਨ ਦੇਸ਼ ਦੇ ਲੋਕਾਂ ਨੂੰ ਇਸ ਤੋਂ ਬਿਹਤਰ ਤੋਹਫਾ ਹੋਰ ਕੀ ਮਿਲ ਸਕਦਾ ਹੈ, ਜੋ ਕਿ ਬੈਂਕ ਆਫ ਬੜੌਦਾ ਨੇ ਦਿੱਤਾ ਹੈ। ਬੈਂਕ ਨੇ ਆਪਣੇ ਹੋਮ ਲੋਨ ਦੀਆਂ ਦਰਾਂ ਨੂੰ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਲਗਾਤਾਰ ਦੂਜੀ ਵਾਰ ਘੱਟ ਕੀਤਾ ਹੈ। ਪਿਛਲੇ ਮਹੀਨੇ ਦੇ ਅੱਧ ’ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ। ਹੁਣ ਬੈਂਕ ਨੇ ਮੁੜ 0.25 ਫੀਸਦੀ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਬੈਂਕ ਨੇ 0.50 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਨਵਾਂ ਆਫਰ ਨਵੇਂ ਅਤੇ ਹੋਮ ਲੋਨ ਟ੍ਰਾਂਸਫਰ ਦੋਹਾਂ ’ਤੇ ਲਾਗੂ ਹੋਵੇਗਾ, ਜਿਸ ਦਾ ਅਸਰ ਹੋਮ ਲੋਨ ਦੀ ਈ. ਐੱਮ. ਆਈ. ’ਤੇ ਵੀ ਦਿਖਾਈ ਦੇਵੇਗਾ।
6.50 ਫੀਸਦੀ ’ਤੇ ਆਈਆਂ ਹੋਮ ਲੋਨ ਦੀਆਂ ਵਿਆਜ ਦਰਾਂ
ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ ‘ਬੈਂਕ ਆਫ ਬੜੌਦਾ’ ਨੇ 7 ਅਕਤੂਬਰ ਤੋਂ ਆਪਣੇ ਹੋਮ ਲੋਨ ਦੀਆਂ ਦਰਾਂ ’ਚ 25 ਆਧਾਰ ਅੰਕਾਂ ਦੀ ਕਟੌਤੀ ਕਰਦੇ ਹੋਏ 6.75 ਫੀਸਦੀ ਤੋਂ 6.50 ਫੀਸਦੀ ਕਰਨ ਦਾ ਐਲਾਨ ਕੀਤਾ। ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਨਾਲ ਅਤੇ ਘਰ ਖਰੀਦਦਾਰੀ ਕਰਨ ਲਈ ਗਾਹਕਾਂ ਲਈ ਬੈਂਕ ਨੇ ਇਸ ਆਫਰ ਨੂੰ 31 ਦਸੰਬਰ 2021 ਤੱਕ ਵਧਾ ਦਿੱਤਾ ਹੈ। ਨਵੀਆਂ ਦਰਾਂ ਉਨ੍ਹਾਂ ਗਾਹਕਾਂ ਲਈ ਮੁਹੱਈਆ ਹੋਣਗੀਆਂ ਜੋ ਨਵਾਂ ਲੋਨ ਲੈਣ ਲਈ ਅਰਜ਼ੀ ਦਾਖਲ ਕਰ ਰਹੇ ਹਨ, ਲੋਨ ਟ੍ਰਾਂਸਫਰ ਕਰਨ ਵਾਲੇ ਲੋਕਾਂ ਲਈ ਅਤੇ ਆਪਣੇ ਮੌਜੂਦਾ ਲੋਨ ਨੂੰ ਰੀ-ਫਾਇਨਾਂਸ ਕਰਨ ਵਾਲਿਆਂ ਨੂੰ ਵੀ ਇਹ ਸਹੂਲਤ ਮਿਲੇਗੀ। ਹੋਮ ਲੋਨ ਜ਼ੀਰੋ ਪ੍ਰੋਸੈਸਿੰਗ ਫੀਸ ਪਹਿਲਾਂ ਤੋਂ ਹੀ ਲਾਗੂ ਸੀ ਜੋ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ।