ਬਾਬਾ ਰਾਮਦੇਵ ਨੇ ਕੀਤੀ ਰੁਚੀ ਸੋਇਆ FPO ਦੀ ਲਾਂਚਿੰਗ, ਅਪ੍ਰੈਲ ’ਚ ਕਰਜ਼ਾ ਮੁਕਤ ਹੋਵੇਗੀ ਕੰਪਨੀ
Friday, Mar 25, 2022 - 12:25 PM (IST)

ਨਵੀਂ ਦਿੱਲੀ (ਯੂ. ਐੱਨ. ਆਈ.) – ਯੋਗ ਗੁਰੂ ਅਤੇ ਪਤੰਜਲੀ ਸਮੂਹ ਦੇ ਮੁਖੀ ਬਾਬਾ ਰਾਮਦੇਵ ਨੇ ਕਿਹਾ ਕਿ ਮੌਜੂਦਾ ਫਾਲੋ-ਅਪ ਸ਼ੇਅਰ ਇਸ਼ੂ (ਐੱਫ. ਪੀ. ਓ.) ਤੋਂ ਬਾਅਦ ਰੁਚੀ ਸੋਇਆ ਅਪ੍ਰੈਲ 2022 ’ਚ ਸ਼ੁੱਧ ਰੂਪ ਨਾਲ ਇਕ ‘ਕਰਜ਼ਾ ਮੁਕਤ’ ਕੰਪਨੀ ਬਣਾ ਦਿੱਤੀ ਜਾਏਗੀ ਅਤੇ ਇਸ ਸਾਲ ਦੇ ਅਖੀਰ ਤੱਕ ਕੰਪਨੀ ਦੇ 6 ਫੀਸਦੀ ਹੋਰ ਸ਼ੇਅਰ ਬਾਜ਼ਾਰ ’ਚ ਪਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਤੰਜਲੀ ਦੇ ਪੂਰੇ ਖੁਰਾਕ ਉਤਪਾਦ ਪੋਰਟਫੋਲੀਓ ਨੂੰ ਰੁਚੀ ਸੋਇਆ ’ਚ ਟ੍ਰਾਂਸਫਰ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਬਾਬਾ ਰਾਮਦੇਵ ਨੇ ਰੁਚੀ ਸੋਇਆ ਦੇ 4300 ਕਰੋੜ ਰੁਪਏ ਦੇ ਐੱਫ. ਪੀ. ਓ. ਦੀ ਅੱਜ ਵੀਰਵਾਰ ਨੂੰ ਲਾਂਚਿੰਗ ਕਰਦੇ ਹੋਏ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕਰਜ਼ਾ ਮੁਕਤ ਕੰਪਨੀਆਂ ਦੀ ਪਰਿਭਾਸ਼ਾ ਮੁਤਾਬਕ ਰੁਚੀ ਸੋਇਆ ਅਪ੍ਰੈਲ ’ਚ ਕਰਜ਼ਾ ਮੁਕਤ ਹੋ ਜਾਏਗੀ। ਅਸੀਂ ਇਸ ਐੱਫ. ਪੀ. ਓ. ਰਾਹੀਂ ਕੰਪਨੀ ’ਤੇ ਜੋ ਵੀ ਟਰਮ ਲੋਨ (ਸਭ ਤੋਂ ਵੱਧ ਕਰਜ਼ਾ) ਹੈ, ਉਸ ਦਾ ਭੁਗਤਾਨ ਕਰ ਦੇਵਾਂਗੇ।
ਰੁਚੀ ਦਾ ਐੱਫ. ਪੀ. ਓ. ਆਮ ਲੋਕਾਂ ਲਈ 24 ਤੋਂ 28 ਮਾਰਚ ਤੱਕ ਖੁੱਲ੍ਹਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰੁਚੀ ਸੋਇਆ ’ਤੇ ਕੀਬ 3300 ਕਰੋੜ ਰੁਪਏ ਦਾ ਕਰਜ਼ਾ ਹੈ। ਅਪ੍ਰੈਲ ਤੋਂ ਬਾਅਦ ਸਾਨੂੰ ਫਿਲਹਾਲ ਸਿਰਫ ਰੋਜ਼ਾਨਾ ਦੇ ਕੰਮ ਦੀ ਪੂੰਜੀ ਲਈ ਹੀ ਕਰਜ਼ੇ ਦੀ ਲੋੜ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਐਂਕਰ ਨਿਵੇਸ਼ਕਾਂ ਦੇ ਵਰਗ ’ਚ ਕੁੱਲ 1290 ਕਰੋੜ ਰੁਪਏ ਦੇ ਸ਼ੇਅਰ ਵੇਚੇ ਗਏ ਹਨ। ਸਾਨੂੰ ਐਂਕਰ ਨਿਵੇਸ਼ਕ ਵਰਗ ’ਚ 3000 ਕਰੋੜ ਰੁਪਏ ਦੇ ਸ਼ੇਅਰਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਪਰ ਅਸੀਂ ਉਨ੍ਹਾਂ ਨੂੰ ਨਿਯਮ ਮੁਤਾਬਕ ਇੰਨੇ ਸ਼ੇਅਰ ਜਾਰੀ ਨਹੀਂ ਕਰ ਸਕਦੇ ਹਾਂ। ਕੰਪਨੀ ਨੇ 46 ਦੇਸੀ-ਵਿਦੇਸ਼ੀ ਨਿਵੇਸ਼ਕਾਂ ਨੂੰ ਐਂਕਰ ਨਿਵੇਸ਼ਕਾਂ ਦੇ ਕੋਟੇ ’ਚ ਕੁੱਲ 1.98 ਕਰੋੜ ਸ਼ੇਅਰ 650 ਰੁਪਏ ਦੇ ਭਾਅ ’ਤੇ ਜਾਰੀ ਕੀਤੇ ਹਨ।