ਕੋਰੋਨਾ ਸੰਕਟ ’ਚ ਹਵਾਬਾਜ਼ੀ ਕੰਪਨੀਆਂ ਦੀ ਚਾਂਦੀ, ਕਿਰਾਏ ’ਚ ਕੀਤਾ ਭਾਰੀ ਵਾਧਾ

03/19/2020 2:19:00 AM

ਨਵੀਂ ਦਿੱਲੀ (ਇੰਟ)-ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਘਰੇਲੂ ਮਾਰਗਾਂ ’ਤੇ ਹਵਾਬਾਜ਼ੀ ਕੰਪਨੀਆਂ ਯਾਤਰੀਆਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਕਰ ਰਹੀਆਂ ਹਨ। ਜਾਨਲੇਵਾ ਇਨਫੈਕਸ਼ਨ ਕਾਰਣ ਮਚੀ ਹਫੜਾ-ਦਫੜੀ ’ਚ ਲੋਕ ਜਾਂ ਤਾਂ ਆਪਣੀ ਟਿਕਟ ਕੈਂਸਲ ਕਰਵਾ ਰਹੇ ਹਨ ਜਾਂ ਫਿਰ ਇਨਫੈਕਸ਼ਨ ਪ੍ਰਭਾਵਿਤ ਸੂਬਿਆਂ ਤੋਂ ਆਪਣੇ ਪ੍ਰਦੇਸ਼ ਨੂੰ ਪਰਤ ਰਹੇ ਹਨ। ਅਜਿਹੇ ’ਚ ਹਵਾਬਾਜ਼ੀ ਕੰਪਨੀਆਂ ਨੇ ਨਾ ਸਿਰਫ ਜਹਾਜ਼ਾਂ ਦਾ ਕਿਰਾਇਆ ਵਧਾ ਦਿੱਤਾ ਹੈ, ਸਗੋਂ ਭਾਰੀ ਕੈਂਸਲੇਸ਼ਨ ਚਾਰਜ ਵੀ ਵਸੂਲਿਆ ਜਾ ਰਿਹਾ ਹੈ। ਯਾਨੀ ਹਰ ਹਾਲਤ ’ਚ ਹਵਾਬਾਜ਼ੀ ਕੰਪਨੀਆਂ ਦੀ ਚਾਂਦੀ ਹੋ ਰਹੀ ਹੈ। ਹਾਲਾਤ ਇਹ ਹਨ ਕਿ ਦਿੱਲੀ ਤੋਂ ਪਟਨਾ ਦਾ ਕਿਰਾਇਆ 37,000 ਰੁਪਏ ਤੱਕ ਪਹੁੰਚ ਗਿਆ ਹੈ।

ਨਵੀਂ ਦਿੱਲੀ ਤੋਂ ਪਟਨਾ ਦੇ ਜਹਾਜ਼ ਦਾ ਕਿਰਾਇਆ ਆਮ ਤੌਰ ’ਤੇ ਘੱਟੋ-ਘੱਟ 2800 ਰੁਪਏ ਦੇ ਆਸ-ਪਾਸ ਹੁੰਦਾ ਹੈ ਪਰ ਫਿਲਹਾਲ ਘੱਟੋ-ਘੱਟ ਕਿਰਾਇਆ 4400 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ, ਜਦੋਂਕਿ ਵੱਧ ਤੋਂ ਵੱਧ ਕਿਰਾਇਆ 37,000 ਰੁਪਏ ਤੱਕ ਵਸੂਲਿਆ ਜਾ ਰਿਹਾ ਹੈ। ਜੇਕਰ 20 ਮਾਰਚ ਨੂੰ ਤੁਸੀਂ ਨਵੀਂ ਦਿੱਲੀ ਤੋਂ ਪਟਨਾ ਜਾਣਾ ਚਾਹੁੰਦੇ ਹੋ ਤਾਂ ਗੋਏਅਰ ਤੁਹਾਨੂੰ ਘੱਟੋ-ਘੱਟ 4416 ਰੁਪਏ ’ਚ ਟਿਕਟ ਉਪਲੱਬਧ ਕਰਵਾ ਰਹੀ ਹੈ, ਜਦੋਂਕਿ ਸਪਾਈਸਜੈੱਟ 5106 ਰੁਪਏ, ਇੰਡੀਗੋ 5145 ਰੁਪਏ ਅਤੇ ਏਅਰ ਇੰਡੀਆ 7219 ਰੁਪਏ ’ਚ ਟਿਕਟ ਵੇਚ ਰਹੀਆਂ ਹਨ। ਏਅਰ ਇੰਡੀਆ ਵੱਧ ਤੋਂ ਵੱਧ ਕਿਰਾਇਆ 37,000 ਰੁਪਏ ਵਸੂਲ ਰਹੀ ਹੈ। ਇਹ ਹੀ ਹਾਲ ਦਿੱਲੀ ਤੋਂ ਮੁੰਬਈ ਦਾ ਵੀ ਹੈ।


Karan Kumar

Content Editor

Related News