ਬੈਂਕ ਗਾਹਕਾਂ ਨੂੰ ਝਟਕਾ, ATM 'ਚੋਂ ਪੈਸੇ ਕਢਵਾਉਣਾ ਹੋ ਸਕਦੈ ਇੰਨਾ ਮਹਿੰਗਾ

2/15/2020 8:33:19 AM

ਨਵੀਂ ਦਿੱਲੀ— ਬੈਂਕ ਗਾਹਕਾਂ ਲਈ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣਾ ਮਹਿੰਗਾ ਹੋ ਸਕਦਾ ਹੈ। ਏ. ਟੀ. ਐੱਮਜ਼. ਓਪਰੇਟਰ ਸੰਗਠਨ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਪੱਤਰ ਲਿਖ ਕੇ ਨਕਦ ਨਿਕਾਸੀ 'ਤੇ ਗਾਹਕਾਂ ਵੱਲੋਂ ਦਿੱਤੇ ਜਾਂਦੇ 'ਇੰਟਰਚੇਂਜ ਚਾਰਜ' 'ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਚਾਰਜ 'ਚ ਵਾਧਾ ਨਾ ਹੋਣ ਨਾਲ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਸ ਕਾਰਨ ਦੇਸ਼ 'ਚ ਨਵੇਂ ਏ. ਟੀ. ਐੱਮ. ਲਾਉਣ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਓਪਰੇਟਰਾਂ ਦੀ ਦਲੀਲ ਹੈ ਕਿ ਸੁਰੱਖਿਆ ਤੇ ਰੱਖ-ਰਖਾਅ 'ਤੇ ਆਰ. ਬੀ. ਆਈ. ਦੇ ਵਧੇ ਹੋਏ ਮਾਪਦੰਡਾਂ ਨੇ ਏ. ਟੀ. ਐੱਮ. ਮਸ਼ੀਨਾਂ ਨੂੰ ਚਲਾਉਣ ਦੀ ਲਾਗਤ ਵਧਾ ਦਿੱਤੀ ਹੈ, ਜਦੋਂ ਕਿ ਮਾਲੀਏ ਦੇ ਮੁੱਖ ਸਰੋਤ 'ਇੰਟਰਚੇਂਜ ਚਾਰਜ' 'ਚ ਵਾਧਾ ਨਹੀਂ ਕੀਤਾ।

 

 

ਦੱਸ ਦੇਈਏ ਕਿ ਜਦੋਂ ਵੀ ਤੁਸੀਂ ਏ. ਟੀ. ਐੱਮ. ਮਸ਼ੀਨ 'ਤੇ ਲੈਣ-ਦੇਣ ਕਰਦੇ ਹੋ ਜੋ ਤੁਹਾਡੇ ਕਾਰਡ ਜਾਰੀ ਕਰਨ ਵਾਲੇ ਬੈਂਕ ਨਾਲ ਸੰਬੰਧਤ ਨਹੀਂ ਹੈ, ਤਾਂ ਬੈਂਕ ਤੁਹਾਡੇ ਵੱਲੋਂ ਵਰਤੇ ਗਏ ਉਸ ਏ. ਟੀ. ਐੱਮ. ਦੇ ਸੰਚਾਲਕ ਨੂੰ ਇੰਟਰਚੇਂਜ ਫੀਸ ਦਾ ਭੁਗਤਾਨ ਕਰਦਾ ਹੈ। ਮੌਜੂਦਾ ਸਮੇਂ 5 ਮੁਫਤ ਟ੍ਰਾਂਜੈਕਸ਼ਨਾਂ ਤੋਂ ਇਲਾਵਾ ਪ੍ਰਤੀ ਲੈਣ-ਦੇਣ 15 ਰੁਪਏ ਚਾਰਜ ਹੈ। ਸੰਗਠਨ ਦਾ ਕਹਿਣਾ ਹੈ ਕਿ ਰੋਜ਼ਾਨਾ ਦੇ ਕੰਮਕਾਜ ਨੂੰ ਬਰਕਰਾਰ ਰੱਖਣ ਲਈ ਇਹ ਫੀਸ ਨਾਕਾਫੀ ਹੈ। ਭਾਰਤੀ ਰਿਜ਼ਰਵ ਬੈਂਕ ਨੂੰ ਲਿਖੇ ਪੱਤਰ 'ਚ ਸੰਗਠਨ ਨੇ ਕਿਹਾ ਹੈ ਕਿ ਇਹ ਨਾ ਸਿਰਫ ਏ. ਟੀ. ਐੱਮ. ਕਾਰੋਬਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਗੋਂ ਬੈਂਕਾਂ ਅਤੇ ਵ੍ਹਾਈਟ ਲੇਬਲ ਏ. ਟੀ. ਐੱਮ. ਓਪਰੇਟਰਾਂ ਵੱਲੋਂ ਨਵੇਂ ਏ. ਟੀ. ਐੱਮ. ਸਥਾਪਿਤ ਕਰਨ ਨੂੰ ਵੀ ਹੌਲੀ ਕਰ ਰਿਹਾ ਹੈ।

ਇੰਨਾ ਹੋ ਸਕਦਾ ਹੈ ATM ਚਾਰਜ-
ਸੂਤਰਾਂ ਮੁਤਾਬਕ, ਏ. ਟੀ. ਐੱਮਜ਼. ਦੀ ਗਿਣਤੀ ਵਧਾਉਣ ਦੇ ਤਰੀਕਿਆਂ ਦੀ ਸਿਫਾਰਸ਼ ਕਰਨ ਲਈ ਆਰ. ਬੀ. ਆਈ. ਵੱਲੋਂ 2019 ਦੇ ਸ਼ੁਰੂ 'ਚ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਵੀ ਇੰਟਰਚੇਜ ਫੀਸ 'ਚ ਵਾਧਾ ਕਰਨ ਦੀ ਸਲਾਹ ਦਿੱਤੀ ਸੀ। ਇਸ ਕਮੇਟੀ ਨੇ ਸ਼ਹਿਰੀ ਖੇਤਰਾਂ 'ਚ ਜਿੱਥੇ ਆਬਾਦੀ 10 ਲੱਖ ਤੋਂ ਵੱਧ ਹੈ ਉੱਥੇ ਨਕਦ ਨਿਕਾਸੀ 'ਤੇ 17 ਰੁਪਏ ਅਤੇ ਗੈਰ ਵਿੱਤੀ ਲੈਣ-ਦੇਣ 'ਤੇ 7 ਰੁਪਏ ਫੀਸ ਦੀ ਸਿਫਾਰਸ਼ ਕੀਤੀ ਹੈ, ਨਾਲ ਹੀ ਮੁਫਤ ਟ੍ਰਾਂਜੈਕਸ਼ਨ ਦੀ ਲਿਮਟ ਵੀ ਘਟਾ ਕੇ ਤਿੰਨ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਉੱਥੇ ਹੀ, ਪੇਂਡੂ ਤੇ ਅਰਧ-ਸ਼ਹਿਰੀ ਇਲਾਕਿਆਂ ਲਈ ਜਿੱਥੇ ਆਬਾਦੀ 10 ਲੱਖ ਤੋਂ ਘੱਟ ਹੈ ਉੱਥੇ ਨਕਦ ਨਿਕਾਸੀ 'ਤੇ 18 ਰੁਪਏ ਅਤੇ ਗੈਰ-ਵਿੱਤੀ ਲੈਣ-ਦੇਣ ਲਈ 8 ਰੁਪਏ ਇੰਟਰਚੇਂਜ ਫੀਸ ਕਰਨ ਦੀ ਸਿਫਾਰਸ਼ ਕੀਤੀ ਹੈ, ਜਦੋਂ ਕਿ ਮੁਫਤ ਟ੍ਰਾਂਜੈਕਸ਼ਨ 6 ਹੋ ਸਕਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ