ਐਪਲ ਨੇ 100 ਕਰਮਚਾਰੀਆਂ ਨੂੰ ਕੀਤਾ ਬੇਰੁਜ਼ਗਾਰ, ਗੂਗਲ ਦੀ ਵੀ ਚਿਤਾਵਨੀ, ਜਾਣੋ ਕਾਰਨ

08/17/2022 4:49:00 PM

ਬਿਜ਼ਨੈੱਸ ਡੈਸਕ–ਗਲੋਬਲ ਆਰਥਿਕ ਮੰਦੀ ਦੀ ਮਾਰ ਹੁਣ ਗੂਗਲ ਅਤੇ ਐਪਲ ਵਰਗੀਆਂ ਦਿੱਗਜ਼ ਟੈੱਕ ਕੰਪਨੀਆਂ ’ਤੇ ਵੀ ਪੈਣ ਲੱਗੀ ਹੈ। ਸਿਲੀਕਾਨ ਵੈਲੀ ਦੀਆਂ ਦਰਜਨਾਂ ਮਸ਼ਹੂਰ ਕੰਪਨੀਆਂ ਮੰਦੀ ਨੂੰ ਦੇਖਦੇ ਹੋਏ ਪਹਿਲਾਂ ਹੀ ਛਾਂਟੀ ਕਰ ਚੁੱਕੀਆਂ ਹਨ।
ਹੁਣ ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਆਉਣ ਵਾਲੇ ਸਮੇਂ ’ਚ ਛਾਂਟੀ ਲਈ ਤਿਆਰ ਰਹਿਣ ਨੂੰ ਕਿਹਾ ਹੈ। ਉੱਥੇ ਹੀ ਦੂਜੇ ਪਾਸੇ ਐਪਲ ਨੇ ਹਾਇਰਿੰਗ ’ਤੇ ਫ੍ਰੀਜ਼ ਤੋਂ ਬਾਅਦ 100 ਕਾਂਟ੍ਰੈਕਟ ਰਿਕਰੂਟਰਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਨਵੀਆਂ ਭਰਤੀਆਂ ’ਤੇ ਪਹਿਲਾਂ ਤੋਂ ਲੱਗੀ ਹੋਈ ਹੈ ਰੋਕ
ਇਨਸਾਈਡਰ ਦੀ ਇਕ ਰਿਪੋਰਟ ਮੁਤਾਬਕ ਗੂਗਲ ਦੇ ਟੌਪ ਐਗਜ਼ੀਕਿਊਟਿਵਸ ਨੇ ਖੁਦ ਕਰਮਚਾਰੀਆਂ ਨੂੰ ਛਾਂਟੀ ਪ੍ਰਤੀ ਸੁਚੇਤ ਕੀਤਾ ਹੈ। ਰਿਪੋਰਟ ਮੁਤਾਬਕ ਐਗਜ਼ੀਕਿਊਟਿਵਸ ਨੇ ਗੂਗਲ ਕਲਾਊਡ ਸੇਲਸ ਟੀਮ ਨੂੰ ਚਿਤਾਵਨੀ ਦਿੱਤੀ ਹੈ ਕਿ ਸੇਲਸ ਦੀ ਪ੍ਰੋਡਕਟੀਵਿਟੀ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਜੇ ਅਗਲੀ ਤਿਮਾਹੀ ’ਚ ਨਤੀਜੇ ’ਚ ਨਾ ਸੁਧਾਰ ਹੋਇਆ ਤਾਂ ਟੀਮ ’ਚੋਂ ਲੋਕਾਂ ਨੂੰ ਕੱਢਿਆ ਜਾਵੇਗਾ।
ਕੰਪਨੀ ਦੇ ਇਕ ਕਰਮਚਾਰੀ ਨੇ ਇਨਸਾਈਡਰ ਨੂੰ ਦੱਸਿਆ ਕਿ ਜਦੋਂ ਗੂਗਲ ਨੇ 2 ਹਫਤਿਆਂ ਲਈ ਭਰਤੀਆਂ ਰੋਕ ਦਿੱਤੀਆਂ ਸਨ ਤਾਂ ਉਦੋਂ ਤੋਂ ਸਾਰੇ ਕਰਮਚਾਰੀਆਂ ’ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਕਰਮਚਾਰੀਆਂ ਮੁਤਾਬਕ ਨਵੀਆਂ ਭਰਤੀਆਂ ’ਤੇ ਰੋਕ 2 ਹਫਤਿਆਂ ਬਾਅਦ ਵੀ ਬਰਕਰਾਰ ਹੈ ਅਤੇ ਇਹ ਚੰਗਾ ਸੰਕੇਤ ਨਹੀਂ ਹੈ।

ਇਹ ਵੀ ਪੜ੍ਹੋ-ਮਾਨਸੂਨ ਦੇ ਚੱਲਦੇ ਅਗਸਤ 'ਚ ਈਂਧਨ ਦੀ ਮੰਗ 'ਚ ਗਿਰਾਵਟ ਜਾਰੀ
ਸੁੰਦਰ ਪਿਚਾਈ ਵੀ ਦੇ ਚੁੱਕੇ ਹਨ ਚਿਤਾਵਨੀ
ਇਸ ਤੋਂ ਪਹਿਲਾਂ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਪਿਛਲੇ ਮਹੀਨੇ ਕਰਮਚਾਰੀਆਂ ਨੂੰ ਪ੍ਰੋਡਕਟੀਵਿਟੀ ਸੁਧਾਰਨ ਨੂੰ ਕਿਹਾ ਸੀ। ਗੂਗਲ ਨੂੰ ਲਗਾਤਾਰ ਦੂਜੀ ਤਿਮਾਹੀ ’ਚ ਉਮੀਦ ਤੋਂ ਘੱਟ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ ਹੈ। ਸੁੰਦਰ ਪਿਚਾਈ ਨਾਲ ਉਸ ਬੈਠਕ ’ਚ ਗੂਗਲ ਦੇ 17,000 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ ਸੀ।
ਬੈਠਕ ਦੌਰਾਨ ਗੂਗਲ ਸੀ. ਈ. ਓ. ਤੋਂ ਪੁੱਛਿਆ ਵੀ ਗਿਆ ਸੀ ਕਿ ਕੀ ਕੰਪਨੀ ਛਾਂਟੀ ਕਰਨ ਵਾਲੀ ਹੈ ਅਤੇ ਉਨ੍ਹਾਂ ਨੇ ਇਸ ਸਵਾਲ ਨੂੰ ਕੰਪਨੀ ਦੀ ਚੀਫ ਪੀਪੁਲ ਆਫਿਸਰ ਫਿਯੋਨਾ ਸਿਕੋਨੀ ਵਲੋਂ ਵਧਾ ਦਿੱਤਾ ਸੀ। ਫਿਓਨਾ ਨੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਤੁਰੰਤ ਛਾਂਟੀ ਕਰਨ ਦੀ ਕੰਪਨੀ ਦੀ ਕੋਈ ਯੋਜਨਾ ਨਹੀਂ ਹੈ ਪਰ ਆਉਣ ਵਾਲੇ ਸਮੇਂ ’ਚ ਇਸ ਅਨੁਮਾਨ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਹਿੰਦੁਸਤਾਨ ਜਿੰਕ 'ਚ ਸਰਕਾਰ ਦੀ ਹਿੱਸੇਦਾਰੀ ਦੀ ਵਿਕਰੀ ਦਾ ਪ੍ਰਬੰਧਨ ਕਰਨ ਲਈ 5 ਕੰਪਨੀਆਂ ਦੀ ਚੋਣ
ਵਿਸ਼ਲੇਸ਼ਕ ਇਸ ਕਾਰਨ ਨੂੰ ਦੱਸ ਰਹੇ ਹਨ ਖਤਰਨਾਕ
ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਐਪਲ ਦੀ ਗੱਲ ਕਰੀਏ ਤਾਂ ਕੰਪਨੀ ਨੇ 100 ਅਜਿਹੇ ਕਾਂਟ੍ਰੈਕਟ ਵਰਕਰਸ ਨੂੰ ਕੰਮ ਤੋਂ ਕੱਢਿਆ ਹੈ, ਜਿਨ੍ਹਾਂ ਨੂੰ ਨਵੀਆਂ ਭਰਤੀਆਂ ਕਰਨ ਦੀ ਜ਼ਿੰਮੇਵਾਰੀ ਮਿਲੀ ਹੋਈ ਸੀ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਐਪਲ ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਦੱਸਿਆ ਸੀ ਕਿ ਕੰਪਨੀ ਦੀਆਂ ਮੌਜੂਦਾ ਕਾਰੋਬਾਰੀ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਲੂਮਬਰਗ ਨੇ ਪਿਛਲੇ ਮਹੀਨੇ ਇਕ ਰਿਪੋਰਟ ’ਚ ਦੱਸਿਆ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਟੈੱਕ ਕੰਪਨੀ ਐਪਲ ਨੇ ਭਰਤੀਆਂ ਦੀ ਰਫਤਾਰ ਘੱਟ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਦੇ ਸੀ. ਈ. ਓ. ਟਿਮ ਕੁਕ ਨੇ ਅਰਨਿੰਗ ਕਾਨਫਰੰਸ ਕਾਲ ’ਚ ਬਲੂਮਬਰਗ ਦੀ ਰਿਪੋਰਟ ਦੀ ਪੁਸ਼ਟੀ ਵੀ ਕੀਤੀ ਸੀ। ਵਿਸ਼ਲੇਸ਼ਕ ਇਸ ਨੂੰ ਮੰਦੀ ਦਾ ਖਤਰਨਾਕ ਸੰਕੇਤ ਮੰਨ ਰਹੇ ਹਨ ਕਿਉਂਕਿ ਐਪਲ ਵਰਗੀਆਂ ਵੱਡੀਆਂ ਕੰਪਨੀਆਂ ਅਪਵਾਦ ਦੇ ਤੌਰ ’ਤੇ ਹੀ ਛਾਂਟੀ ਕਰਦੀਆਂ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News