ਮਾਰਚ ਤਿਮਾਹੀ ਦੌਰਾਨ ਐਪਲ ਇੰਡੀਆ ਦੀ ਰਿਕਾਰਡ ਵਿਕਰੀ
Friday, May 14, 2021 - 04:26 PM (IST)
ਨਵੀਂ ਦਿੱਲੀ– ਉਪਭੋਗਤਾ ਤਕਨੀਕੀ ਕੰਪਨੀ ਐਪਲ ਨੇ ਜਨਵਰੀ-ਮਾਰਚ ਤਿਮਾਹੀ ’ਚ ਰਿਕਾਰਡ ਕਾਰੋਬਾਰ ਕੀਤਾ। ਇਸ ਦੌਰਾਨ ਕੰਪਨੀ ਦੇ ਸਾਰੇ ਪ੍ਰਮੁੱਖ ਉਤਪਾਦਾਂ ਦੀ ਜ਼ਬਰਦਸਤ ਵਿਕਰੀ ਹੋਈ ਹੈ। ਇਸ ਤਿਮਾਹੀ ’ਚ ਪਰਸਨਲ ਕੰਪਿਊਟਰ ਦੀ ਹੁਣ ਤਕ ਦੀ ਸਭ ਤੋਂ ਜ਼ਿਆਦਾ ਵਿਕਰੀ ਦਰਜ ਕੀਤੀ ਅਤੇ ਸਮਾਰਟਫੋਨ ਬਾਜ਼ਾਰ ’ਚ ਉਹ ਇਕ ਵਾਰ ਫਿਰ ਚੋਟੀ ’ਤੇ ਬੈਠ ਗਈ। ਭਾਰਤ ’ਚ ਆਈਪੈਡ ਕਾਰੋਬਾਰ ਵੀ ਤੇਜ਼ੀ ਨਾਲ ਵਧਿਆ ਹੈ। ਹਾਲ ਤਕ ਐਪਲ ਆਪਣੇ ਪ੍ਰਮੁੱਖ ਉਤਪਾਦਾਂ- ਆਈਫੋਨ, ਆਈਪੈਡ ਅਤੇ ਨੋਟਬੁੱਕ ਦੀ ਵਿਕਰੀ ਵਧਾਉਣ ਲਈ ਜੂਝ ਰਹੀ ਸੀ ਪਰ ਮਾਰਚ ਤਿਮਾਹੀ ’ਚ ਬ੍ਰਾਂਡ ਨੇ ਰਿਕਾਰਡ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੇ ਉਪਭੋਗਤਾ ਇਲੈਕਟ੍ਰੋਨਿਕਸ ਬਾਜ਼ਾਰ ’ਚ ਆਪਣੀ ਥਾਂ ਮੁਖਤਾ ਕਰ ਲਈ ਹੈ।
ਸੋਧ ਫਰਮ ਆਈ.ਡੀ.ਸੀ. ਦੇ ਅੰਕੜਿਆਂ ਮੁਤਾਬਕ, ਜਨਵਰੀ ਤੋਂ ਮਾਰਚ ਦੌਰਾਨ ਐਪਲ ਨੇ ਭਾਰਤ ’ਚ ਜਿੰਨੇ ਪਰਸਨਲ ਕੰਪਿਊਟਰ ਵੇਚੇ, ਓਨੇ ਪਹਿਲਾਂ ਕਿਸੇ ਤਿਮਾਹੀ ’ਚ ਨਹੀਂ ਵੇਚੇ ਸਨ। ਐਪਲ ਇਸ ਸ਼੍ਰੇਣੀ ’ਚ ਪਹਿਲੀ ਵਾਰ ਚੀਨ ਦੀ ਕੰਪਨੀ ਅਸੁਸ ਦੇ ਨਾਲ ਪੰਜਵੇਂ ਸਥਾਨ ’ਤੇ ਕਾਬਿਜ਼ ਹੋਈ ਹੈ। ਮੈਕ ਦੀ ਸ਼ਿਪਮੈਂਟ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੇ ਮੁਕਾਬਲੇ 336 ਫੀਸਦੀ ਵਧੀ ਹੈ ਅਤੇ ਸਥਾਨਕ ਪੀ.ਸੀ. ਬਾਜ਼ਾਰ ’ਚ ਬ੍ਰਾਂਡ ਦੀ ਹਿੱਸੇਦਾਰੀ 5.4 ਫੀਸਦੀ ਹੋ ਗਈ ਹੈ। ਇਸ ਦੌਰਾਨ ਕੰਪਨੀ ਨੇ 1,67,000 ਮੈਕ ਬਾਜ਼ਾਰ ’ਚ ਪਹੁੰਚਾਏ, ਜਦਕਿ ਪਿਛਲੇ ਸਾਲ ਦੀ ਸਮਾਨ ਤਿਮਾਹੀ ’ਚ ਅੰਕੜਾ ਸਿਰਫ 38,000 ਸੀ। ਐਪਲ ਉਪਭੋਗਤਾ ਪੀ.ਸੀ. ਸੈਗਮੈਂਟ ’ਚ ਐੱਚ.ਪੀ., ਲੇਨੋਵੋ ਅਤੇ ਡੈੱਲ ਤੋਂ ਬਾਅਦ ਚੌਥੇ ਸਥਾਨ ’ਤੇ ਪਹੁੰਚ ਗਈ ਹੈ।
ਸਮਾਰਟਫੋਨ ਕਾਰੋਬਾਰ ’ਚ ਵੀ ਐਪਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਆਈ.ਡੀ.ਸੀ. ਮੁਤਾਬਕ, ਆਈਫੋਨ 11 ਅਤੇ 12 ਸਭ ਤੋਂ ਜ਼ਿਆਦਾ ਵਿਕਣ ਵਾਲੇ ਪ੍ਰੀਮੀਅਮ ਹੈਂਡਸੈੱਟ ਰਹੇ, ਜਿਨ੍ਹਾਂ ਦੀ ਬਦੌਲਤ ਕੰਪਨੀ ਨੂੰ ਇਕ-ਤਿਮਾਹੀ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ (37000 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਫੋਨ) ’ਤੇ ਕਬਜ਼ਾ ਜਮਾਉਣ ’ਚ ਮਦਦ ਮਿਲੀ। ਉਦਯੋਗ ਦੇ ਅਨੁਮਾਨ ਮੁਤਾਬਕ, ਆਈਫੋਨ ਦੀ ਵਿਕਰੀ ਮਾਰਚ ਤਿਮਾਹੀ ’ਚ ਕਰੀਬ ਦੁਗਣੀ ਰਹੀ ਅਤੇ ਦੇਸ਼ ’ਚ ਐਪਲ ਦੀ ਸਮਾਰਟਫੋਨ ਵਿਕਰੀ ’ ਕਰੀਬ 143 ਫੀਸਦੀ ਦਾ ਵਾਧਾ ਹੋਇਆ ਹੈ। ਸਮਾਰਟਫੋਨ ਬਾਜ਼ਾਰ ’ਚ ਐਪਲ 6ਵਾਂ ਸਭ ਤੋਂ ਵੱਡਾ ਬ੍ਰਾਂਡ ਹੈ।
ਟੈਬਲੇਟ ਬਾਜ਼ਾਰ ਦੀ ਗੱਲ ਕਰੀਏ ਤਾਂ ਐਪਲ ਦੀ ਕਿਸਮਤ ਪਲਟੀ ਹੈ ਅਤੇ ਆਈਪੈਡ ਦੀ ਵਿਕਰੀ ’ਚ ਤੇਜ਼ੀ ਆਈ ਹੈ। ਸਾਈਬਰ ਮੀਡੀਆ ਰਿਸਰਚ (ਸੀ.ਐੱਮ.ਆਰ.) ਮੁਤਾਬਕ, ਮਾਰਚ ਤਿਮਾਹੀ ’ਚ ਟੈਬਲੇਟ ਬਾਜ਼ਾਰ ’ਚ ਆਈਪੈਡ ਦੇ ਜ਼ੋਰ ’ਤੇ ਕੰਪਨੀ ਪਹਿਲੀ ਵਾਰ ਸੈਮਸੰਗ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਪੁੱਜ ਗਈ ਹੈ। ਆਨਲਾਈਨ ਪੜ੍ਹਾਈ ਦੇ ਵਧਦੇ ਚਲਣ ਨਾਲ ਆਈਪੈਡ ਦੀ ਵਿਕਰੀ ਮਾਰਚ ਤਿਮਾਹੀ ’ਚ 144 ਫੀਸਦੀ ਵਧੀ ਹੈ ਅਤੇ ਇਸ ਬਾਜ਼ਾਰ ’ਚ ਬ੍ਰਾਂਡ ਦੀ ਹਿੱਸੇਦਾਰੀ 29 ਫੀਸਦੀ ਹੋ ਗਈ ਹੈ। ਦਸੰਬਰ ਤਿਮਾਹੀ ’ਚ ਆਈਪੈਡ ਦੀ ਵਿਕਰੀ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੇ ਮੁਕਾਬਲੇ 135 ਫੀਸਦੀ ਵਧੀ ਸੀ।