Apple ਨੇ ਭਾਰਤ ’ਚ ਹਾਸਲ ਕੀਤਾ ਦੋ ਅੰਕਾਂ ਦਾ ਮਜ਼ਬੂਤ ਵਾਧਾ, ਜੂਨ ਤਿਮਾਹੀ ’ਚ ਰਿਕਾਰਡ ਆਮਦਨ ਦਰਜ ਕੀਤੀ
Thursday, Jul 29, 2021 - 02:42 PM (IST)
 
            
            ਨਵੀਂ ਦਿੱਲੀ (ਭਾਸ਼ਾ) – ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਦੇ ਸੀ. ਈ. ਓ. ਟਾਮ ਕੁਕ ਨੇ ਕਿਹਾ ਕਿ ਭਾਰਤ ’ਚ ਲੈਟਿਨ ਅਮਰੀਕਾ ਵਰਗੇ ਬਾਜ਼ਾਰਾਂ ’ਚ ਦੋ ਅੰਕਾਂ ਦੇ ਮਜ਼ਬੂਤ ਵਾਧੇ ਦੀ ਮਦਦ ਨਾਲ ਜੂਨ ਤਿਮਾਹੀ ’ਚ ਕੰਪਨੀ ਦੀ ਆਮਦਨ ਵਧ ਕੇ 81.4 ਅਰਬ ਅਮਰੀਕੀ ਡਾਲਰ ਹੋ ਗਈ, ਜੋ ਇਕ ਰਿਕਾਰਡ ਹੈ। ਐਪਲ ਨੇ ਜੂਨ 2021 ਤਿਮਾਹੀ ’ਚ 21.7 ਅਰਬ ਡਾਲਰ ਦੀ ਸ਼ੁੱਧ ਆਮਦਨ ਹਾਸਲ ਕੀਤੀ, ਜਦੋਂ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜਾ 11.2 ਅਰਬ ਡਾਲਰ ਸੀ। ਇਸ ਦੌਰਾਨ ਕੰਪਨੀ ਦੀ ਕੁੱਲ ਵਿਕਰੀ 59.6 ਅਰਬ ਅਮਰੀਕੀ ਡਾਲਰ ਤੋਂ ਵਧ ਕੇ 81.4 ਅਰਬ ਅਮਰੀਕੀ ਡਾਲਰ ਹੋ ਗਈ।
ਇਹ ਕੌਮਾਂਤਰੀ ਅੰਕੜੇ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਆਧਾਰ ’ਤੇ ਵਿੱਤੀ ਅੰਕੜੇ ਪੇਸ਼ ਨਹੀਂ ਕੀਤੇ। ਕੁਕ ਨੇ ਵਿੱਤੀ ਅੰਕੜਿਆਂ ਦੇ ਐਲਾਨ ਮੌਕੇ ਕਿਹਾ ਕਿ ਐਪਲ ਨੇ ਉਤਪਾਦ ਅਤੇ ਸੇਵਾ ਸ਼੍ਰੇਣੀਆਂ ਅਤੇ ਹਰ ਭੂਗੋਲਿਕ ਖੇਤਰ ’ਚ ਦੋਹਰੇ ਅੰਕਾਂ ’ਚ ਆਮਦਨ ਵਾਧਾ ਹਾਸਲ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਜੂਨ ਤਿਮਾਹੀ ’ਚ 81.4 ਅਰਬ ਡਾਲਰ ਆਮਦਨ ਦਾ ਨਵਾਂ ਰਿਕਾਰਡ ਬਣਾਇਆ ਜੋ ਪਿਛਲੇ ਸਾਲ ਦੇ ਮੁਕਾਬਲੇ 36 ਫੀਸਦੀ ਵੱਧ ਹੈ ਅਤੇ ਸਾਡੇ ਜ਼ਿਆਦਾਤਰ ਬਾਜ਼ਾਰਾਂ ਨੇ ਦੋ ਅੰਕਾਂ ’ਚ ਵਾਧਾ ਹਾਸਲ ਕੀਤਾ ਅਤੇ ਖਾਸ ਤੌਰ ’ਤੇ ਭਾਰਤ, ਲੈਟਿਨ ਅਮਰੀਕਾ ਅਤੇ ਵੀਅਤਨਾਮ ਵਰਗੇ ਉਭਰਦੇ ਬਾਜ਼ਾਰ ’ਚ ਜ਼ੋਰਦਾਰ ਵਾਧਾ ਦੇਖਿਆ ਗਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            