ਅਨਿਲ ਅੰਬਾਨੀ ਨੇ Rcom ਦੇ ਡਾਇਰੈਕਟਰ ਅਹੁਦੇ ਤੋਂ ਦਿੱਤਾ ਅਸਤੀਫਾ
Saturday, Nov 16, 2019 - 05:09 PM (IST)

ਨਵੀਂ ਦਿੱਲੀ — ਦੂਜੀ ਤਿਮਾਹੀ 'ਚ 30,142 ਕਰੋੜ ਦੇ ਭਾਰੀ ਘਾਟੇ ਦੇ ਬਾਅਦ ਅਨਿਲ ਅੰਬਾਨੀ ਨੇ ਰਿਲਾਇੰਸ ਕਮਿਊਨੀਕੇਸ਼ਨਸ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਿਲ ਅੰਬਾਨੀ ਦੇ ਨਾਲ-ਨਾਲ ਵੱਡੇ ਅਹੁਦਿਆਂ 'ਚ ਮੌਜੂਦ ਚਾਰ ਹੋਰ ਅਧਿਕਾਰੀਆਂ ਨੇ ਵੀ ਅਸਤੀਫਾ ਦਿੱਤਾ ਹੈ। ਰਿਲਾਇੰਸ ਕਮਿਊਨੀਕੇਸ਼ਨਸ ਇਨਸਾਲਵੈਂਸੀ ਪ੍ਰਕਿਰਿਆ 'ਚੋਂ ਲੰਘ ਰਹੀ ਹੈ ਅਤੇ ਕੰਪਨੀ ਦੀ ਅਸੇਟ ਵਿਕਣ ਵਾਲੀ ਹੈ।
ਬੰਬਈ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਮੁਤਾਬਕ ਅਨਿਲ ਅੰਬਾਨੀ ਤੋਂ ਇਲਾਵਾ ਛਾਇਆ ਵਿਰਾਨੀ, ਰਾਇਨਾ ਕਰਾਨੀ, ਮੰਜਰੀ ਕੈਕਰ ਅਤੇ ਸੁਰੇਸ਼ ਰੰਗਾਚਾਰ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਪਿਛਲੇ ਦਿਨੀਂ ਵੀ.ਮਣੀਕਾਂਤਨ ਨੇ ਡਾਇਰੈਕਟਰ ਅਤੇ ਚੀਫ ਫਾਇਨੈਂਸ਼ਲ ਆਫਿਸ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।
ਸ਼ੁੱਕਰਵਾਰ ਨੂੰ ਰਿਲਾਇੰਸ ਕਮਿਊਨੀਕੇਸ਼ਨਸ ਨੇ ਦੂਜੀ ਤਿਮਾਹੀ ਦਾ ਨਤੀਜਾ ਪ੍ਰਕਾਸ਼ਿਤ ਕੀਤਾ। ਦੂਜੀ ਤਿਮਾਹੀ 'ਚ ਕੰਪਨੀ ਨੂੰ ਕੁੱਲ 30,142 ਕਰੋੜ ਰੁਪਏ ਦਾ ਘਾਟਾ ਦਿਖਾਇਆ ਗਿਆ। ਇਸ ਰਿਪੋਰਟ ਦੇ ਆਉਣ ਤੋਂ ਬਾਅਦ Rcom ਦੇ ਸ਼ੇਅਰ 3.28 ਫੀਸਦੀ ਡਿੱਗ ਕੇ 59 ਪੈਸੇ ਪ੍ਰਤੀ ਸ਼ੇਅਰ 'ਤੇ ਬੰਦ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੂਜੀ ਤਿਮਾਹੀ 'ਚ ਕੰਪਨੀ ਨੂੰ 1141 ਕਰੋੜ ਦਾ ਫਾਇਦਾ ਹੋਇਆ ਸੀ।