ਅਨਿਲ ਅੰਬਾਨੀ ਦੀ ਇਕ ਹੋਰ ਕੰਪਨੀ ਹੋਈ ਡਿਫਾਲਟ

03/11/2020 12:00:52 PM

ਨਵੀਂ ਦਿੱਲੀ — ਕਦੇ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਰਹੇ ਰਿਲਾਂਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਕੰਪਨੀਆਂ ਲਗਾਤਾਰ ਡਿਫਾਲਟ ਸਾਬਤ ਹੋ ਰਹੀਆਂ ਹਨ। ਹੁਣ ਉਨ੍ਹਾਂ ਦੀ ਰਿਲਾਂਇੰਸ ਕੈਪੀਟਲ ਗਰੁੱਪ ਦੀ ਕੰਪਨੀ ਰਿਲਾਂਇੰਸ ਹੋਮ ਫਾਇਨਾਂਸ 40.08 ਕਰੋੜ ਰੁਪਏ ਦਾ ਲੋਨ ਨਾ ਚੁਕਾਉਣ ਕਾਰਨ ਡਿਫਾਲਟ ਸਾਬਤ ਹੋਈ ਹੈ। ਕੰਪਨੀ ਨੇ ਮੰਗਲਵਾਰ ਨੂੰ ਸੇਬੀ ਨੂੰ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਕੋਲ ਮਿਊਚੁਅਲ ਫੰਡ ਦੇ ਤੌਰ 'ਤੇ 700 ਕਰੋੜ ਰੁਪਏ ਦਾ ਕੈਸ਼ ਇਨ ਹੈਂਡ ਹੈ।

ਕੰਪਨੀ ਨੇ ਦੱਸਿਆ ਕਿ ਲੋਨ ਚੁਕਾਉਣ 'ਚ ਇਸ ਦੇਰੀ ਦਾ ਕਾਰਨ ਦਿੱਲੀ ਹਾਈ ਕੋਰਟ ਵਲੋਂ 20 ਨਵੰਬਰ 2019 ਨੂੰ ਦਿੱਤੇ ਗਏ ਫੈਸਲੇ 'ਤੇ ਰੋਕ ਲਗਾਉਣਾ ਹੈ। ਇਸ ਫੈਸਲੇ 'ਚ ਹਾਈ ਕੋਰਟ ਨੇ ਕੰਪਨੀ ਨੂੰ ਜਾਇਦਾਦ ਵੇਚਣ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ। ਕਰਜ਼ੇ 'ਚ ਡੁੱਬੀ ਕੰਪਨੀ ਆਪਣੀ ਜਾਇਦਾਦ ਨੂੰ ਵੇਚ ਕੇ ਆਰਥਿਕ ਦੇਣਦਾਰੀ ਨਿਪਟਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ 7 ਜੂਨ 2019 ਦੇ ਰਿਜ਼ਰਵ ਬੈਂਕ ਦੇ ਸਰਕੂਲਰ ਮੁਤਾਬਕ ਕੰਪਨੀ ਨੂੰ ਕਰਜ਼ਾ ਦੇਣ ਵਾਲੀ ਸੰਸਥਾਵਾਂ ਵਿਚਕਾਰ ਇੰਟਰ-ਕ੍ਰੈਡਿਟਰ ਐਗ੍ਰੀਮੈਂਟ ਹੋਇਆ ਸੀ ਤਾਂ ਜੋ ਰੈਜ਼ੋਲਿਊਸ਼ਨ ਪਲਾਨ ਤਿਆਰ ਕੀਤਾ ਜਾ ਸਕੇ।ਕੰਪਨੀ ਨੇ ਸੇਬੀ ਨੂੰ

ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਸ ਨੇ 8 ਫਰਵਰੀ 2020 ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਲੋਨ ਦਾ 40 ਕਰੋੜ ਰੁਪਏ ਦਾ ਪਿੰ੍ਰੰਸੀਪਲ ਅਮਾਊਂਟ ਅਤੇ 8 ਲੱਖ ਰੁਪਏ ਦੇ ਵਿਆਜ ਦਾ ਭੁਗਤਾਨ ਕਰਨਾ ਸੀ, ਜਿਸ ਦਾ ਭੁਗਤਾਨ ਉਹ ਨਹੀਂ ਕਰ ਸਕੀਂ। ਰਿਲਾਂਇੰਸ ਹੋਮ ਫਾਇਨਾਂਸ ਮੁਤਾਬਕ ਉਸ 'ਤੇ ਪੰਜਾਬ ਐਂਡ ਸਿੰਧ ਬੈਂਕ ਦਾ ਕੁੱਲ 200 ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਨੂੰ ਉਸਨੇ ਸਾਲਾਨਾ 9.15 ਫੀਸਦੀ ਦੀ ਵਿਆਜ ਦਰ 'ਤੇ ਲਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਸਾਰੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ 3,921 ਕਰੋੜ ਰੁਪਏ ਹੈ। ਕੰਪਨੀ 'ਤੇ ਸ਼ਾਰਟ ਟਰਮ ਅਤੇ ਲਾਂਗ ਟਰਮ ਦੋਵਾਂ ਤਰ੍ਹਾਂ ਦੇ ਕਰਜ਼ਿਆਂ ਨੂੰ ਜੋੜਿਆ ਜਾਵੇ ਤਾਂ ਵਿਆਜ ਸਮੇਤ ਇਹ ਰਾਸ਼ੀ 12,036 ਕਰੋੜ ਰੁਪਏ ਬਣਦੀ ਹੈ।

ਜ਼ਿਕਰਯੋਗ ਹੈ ਕਿ ਯੈੱਸ ਬੈਂਕ ਦਾ ਵੀ ਅਨਿਲ ਅੰਬਾਨੀ ਦੀਆਂ ਕੰਪਨੀਆਂ 'ਤੇ ਵੱਡਾ ਕਰਜ਼ਾ ਹੈ। ਇਕ ਰਿਪੋਰਟ ਮੁਤਾਬਕ ਅਨਿਲ ਅੰਬਾਨੀ ਦੀਆਂ ਕੰਪਨੀਆਂ 'ਤੇ ਯੈੱਸ ਬੈਂਕ ਦਾ ਕਰੀਬ 13,000 ਕਰੋੜ ਰੁਪਿਆ ਬਕਾਇਆ ਹੈ। ਰਿਲਾਂਇੰਲ ਕਮਿਊਨੀਕੇਸ਼ਨਸ ਸਮੇਤ ਅਨਿਲ ਅੰਬਾਨੀ ਦੇ ਰਿਲਾਂਇੰਸ ਗਰੁੱਪ ਦੀਆਂ ਕਈ ਵੱਡੀਆਂ ਕੰਪਨੀਆਂ ਕਰਜ਼ੇ 'ਚ ਡੁੱਬੀਆਂ ਹਨ। ਹੁਣੇ ਜਿਹੇ ਬ੍ਰਿਟੇਨ 'ਚ ਇਕ ਕੇਸ ਦੌਰਾਨ ਅਨਿਲ ਅੰਬਾਨੀ ਨੇ ਆਪਣੀ ਨੈਟਵਰਥ ਜ਼ੀਰੋ ਦੱਸੀ ਸੀ।


Related News