ਸਟਾਰਟਅਪ ’ਚ 21 ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਿਵੇਸ਼ ’ਤੇ ਟੈਕਸ ਨੂੰ ਲੈ ਕੇ ਕੇਂਦਰ ਦਾ ਵੱਡਾ ਫ਼ੈਸਲਾ
Friday, May 26, 2023 - 12:40 PM (IST)

ਨਵੀਂ ਦਿੱਲੀ (ਭਾਸ਼ਾ)– ਵਿੱਤ ਮੰਤਰਾਲਾ ਨੇ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਸਮੇਤ 21 ਦੇਸ਼ਾਂ ਤੋਂ ਭਾਰਤ ਦੀਆਂ ਗੈਰ-ਸੂਚੀਬੱਧ ਸਟਾਰਟਅਪ ਫਰਮਾਂ ’ਚ ਕੀਤੇ ਜਾਣ ਵਾਲੇ ਵਿਦੇਸ਼ੀ ਨਿਵੇਸ਼ ’ਤੇ ਏਂਜਲ ਟੈਕਸ ਨਾ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ ਇਸ ਸੂਚੀ ’ਚ ਸਿੰਗਾਪੁਰ, ਨੀਦਰਲੈਂਡਸ ਅਤੇ ਮਾਰੀਸ਼ਸ ਵਰਗੇ ਦੇਸ਼ਾਂ ਤੋਂ ਆਉਣ ਵਾਲਾ ਨਿਵੇਸ਼ ਸ਼ਾਮਲ ਨਹੀਂ ਹੈ। ਸਰਕਾਰ ਨੇ ਵਿੱਤੀ ਸਾਲ 2023-24 ਦੇ ਬਜਟ ’ਚ ਕਿਹਾ ਸੀ ਕਿ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀ. ਪੀ. ਆਈ. ਆਈ. ਟੀ.) ਤੋਂ ਮਾਨਤਾ ਪ੍ਰਾਪਤ ਸਟਾਰਟਅਪ ਕੰਪਨੀਆਂ ਨੂੰ ਛੱਡ ਕੇ ਸਾਰੀਆਂ ਗੈਰ-ਸੂਚੀਬੱਧ ਕੰਪਨੀਆਂ ਵਿਚ ਆਉਣ ਵਾਲੇ ਨਿਵੇਸ਼ ’ਤੇ ਏਂਜਲ ਟੈਕਸ ਲੱਗੇਗਾ।
ਇਹ ਵੀ ਪੜ੍ਹੋ : IPL 2023 Final : ਮੈਚ ਵੇਖਣ ਲਈ ਆਨਲਾਈਨ ਟਿਕਟਾਂ ਦੀ ਇੰਝ ਕਰੋ ਬੁੱਕਿੰਗ, ਜਾਣੋ ਕਿੰਨੀ ਹੈ ਕੀਮਤ
ਉਸ ਤੋਂ ਬਾਅਦ ਤੋਂ ਹੀ ਸਟਾਰਟਅਪ ਅਤੇ ਉੱਦਮ ਪੂੰਜੀ ਉਦਯੋਗ ਕੁੱਝ ਖਾਸ ਦੇਸ਼ਾਂ ਤੋਂ ਆਉਣ ਵਾਲੇ ਨਿਵੇਸ਼ ’ਤੇ ਟੈਕਸ ਛੋਟ ਦੇਣ ਦੀ ਮੰਗ ਕਰ ਰਿਹਾ ਸੀ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਬੁੱਧਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਕੁੱਝ ਸ਼੍ਰੇਣੀਆਂ ਦੇ ਨਿਵੇਸ਼ਕ ਏਂਜਲ ਟੈਕਸ ਵਿਵਸਥਾ ਦੇ ਘੇਰੇ ’ਚ ਨਹੀਂ ਆਉਣਗੇ। ਇਨ੍ਹਾਂ ਸ਼੍ਰੇਣੀਆਂ ’ਚ ਸੇਬੀ ਕੋਲ ਰਜਿਸਟਰਡ ਪਹਿਲੇ ਵਰਗ ਦੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ, ਐਂਡਾਵਮੈਂਟ ਫੰਡ, ਪੈਨਸ਼ਨ ਫੰਡ ਅਤੇ 21 ਦੇਸ਼ਾਂ ਦੇ ਨਿਵਾਸੀਆਂ ਦੀ ਭਾਈਵਾਲੀ ਵਾਲਾ ਨਿਵੇਸ਼ ਸ਼ਾਮਲ ਹੈ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਇਹ ਨੋਟੀਫਿਕੇਸ਼ਨ ਇਕ ਅਪ੍ਰੈਲ 2023 ਤੋਂ ਲਾਗੂ ਹੋ ਗਿਆ ਹੈ। ਟੈਕਸ ਛੋਟ ਦੇ ਘੇਰੇ ’ਚ ਸ਼ਾਮਲ ਕੀਤੇ ਗਏ ਦੇਸ਼ਾਂ ’ਚ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਜਰਮਨੀ ਅਤੇ ਸਪੇਨ ਤੋਂ ਇਲਾਵਾ ਕੈਨੇਡਾ, ਆਸਟਰੀਆ, ਚੈੱਕ ਗਣਰਾਜ, ਬੈਲਜ਼ੀਅਮ, ਡੈੱਨਮਾਰਕ, ਫਿਨਲੈਂਡ, ਇਜ਼ਰਾਈਲ, ਇਟਲੀ, ਆਈਸਲੈਂਡ, ਜਾਪਾਨ, ਕੋਰੀਆ, ਰੂਸ, ਨਾਰਵੇ, ਨਿਊਜ਼ੀਲੈਂਡ ਅਤੇ ਸਵੀਡਨ ਸ਼ਾਮਲ ਹਨ।