18 ਸਾਲ ਬਾਅਦ ਆ ਰਿਹੈ Tata ਦੀ ਕਿਸੇ ਕੰਪਨੀ ਦਾ IPO

Saturday, Jul 09, 2022 - 02:50 PM (IST)

18 ਸਾਲ ਬਾਅਦ ਆ ਰਿਹੈ Tata ਦੀ ਕਿਸੇ ਕੰਪਨੀ ਦਾ IPO

ਨਵੀਂ ਦਿੱਲੀ – ਟਾਟਾ ਸਮੂਹ ਦੀ ਕੋਈ ਕੰਪਨੀ ਕਰੀਬ 18 ਸਾਲਾਂ ਬਾਅਦ ਆਪਣਾ ਆਈ. ਪੀ. ਓ. ਉਤਾਰਨ ਦੀ ਤਿਆਰੀ ਕਰ ਰਹੀ ਹੈ। ਗਰੁੱਪ ਦੀ ਕੰਪਨੀ ਟਾਟਾ ਮੋਟਰਜ਼ ਦੀ ਸਹਾਇਕ ਕੰਪਨੀ ਟਾਟਾ ਤਕਨਾਲੋਜੀ ਆਪਣਾ ਆਈ. ਪੀ. ਓ. ਲਿਆਉਣ ਲਈ ਤਿਆਰੀਆਂ ਕਰ ਰਹੀ ਹੈ।

ਟਾਟਾ ਸਮੂਹ ਨੇ ਇਸ ਤੋਂ ਪਹਿਲਾਂ ਸਾਲ 2004 ’ਚ ਟੀ. ਸੀ. ਐੱਸ. ਦਾ ਆਈ. ਪੀ. ਓ. ਬਾਜ਼ਾਰ ’ਚ ਉਤਾਰਿਆ ਸੀ। ਟਾਟਾ ਤਕਨਾਲੋਜੀ ਦੁਨੀਆ ਭਰ ’ਚ ਇੰਜੀਨੀਅਰਿੰਗ ਅਤੇ ਡਿਜੀਟਲ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਕੰਪਨੀ ਆਈ. ਪੀ. ਓ. ਰਾਹੀਂ ਜੁਟਾਏ ਗਏ ਫੰਡ ਦਾ ਇਸਤੇਮਾਲ ਈ-ਵਾਹਨ ਸੈਗਮੈਂਟ ਨੂੰ ਮਜ਼ਬੂਤੀ ਦੇਣ ਅਤੇ ਏਵੀਏਸ਼ਨ ਸੈਕਟਰ ਨੂੰ ਬੜ੍ਹਾਵਾ ਦੇਣ ’ਚ ਕਰੇਗੀ। ਕੰਪਨੀ ਨੇ ਫਿਲਹਾਲ ਇਸ ਆਈ. ਪੀ. ਓ. ਲਈ ਸਿਟੀ ਬੈਂਕ ਨਾਲ ਸੰਪਰਕ ਕੀਤਾ ਹੈ ਅਤੇ ਹਾਲੇ ਤੱਕ ਆਈ. ਪੀ. ਓ. ਦੇ ਸਾਈਜ਼ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਮਾਮਲੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਆਈ. ਪੀ. ਓਸ. ’ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਛੇਤੀ ਹੀ ਘਰੇਲੂ ਅਤੇ ਵਿਦੇਸ਼ੀ ਬੈਂਕਾਂ ਨੂੰ ਜੋੜਿਆ ਜਾਵੇਗਾ। ਟਾਟਾ ਤਕਨਾਲੋਜੀ ’ਚ ਟਾਟਾ ਮੋਟਰਜ਼ ਦੀ 74 ਫੀਸਦੀ ਤੋਂ ਵੱਧ ਹਿੱਸੇਦਾਰੀ ਹੈ ਅਤੇ ਕੰਪਨੀ ਨੇ ਸਾਲ 2018 ’ਚ ਆਪਣੀ 43 ਫੀਸਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕੁੱਝ ਮਨਜ਼ੂਰੀਆਂ ਨਾ ਮਿਲਣ ਕਾਰਨ ਡੀਲ ਅਟਕ ਗਈ। ਫਰਵਰੀ 2018 ’ਚ ਕੰਪਨੀ ਦੀ 100 ਫੀਸਦੀ ਹਿੱਸੇਦਾਰੀ ਦੀ ਵੈਲਿਊ 83.7 ਕਰੋੜ ਡਾਲਰ ਦੱਸੀ ਗਈ ਸੀ।

ਵਿਕਾਸ ਦੇ ਰਾਹ ’ਤੇ ਹੈ ਕੰਪਨੀ

ਟਾਟਾ ਤਕਨਾਲੋਜੀ ਦੇ ਸੀ. ਈ. ਓ. ਵਾਰੇਨ ਹੈਰਿਸ ਨੇ ਪਿਛਲੇ ਸਾਲ ਦੱਸਿਆ ਸੀ ਕਿ ਕੰਪਨੀ ਦੇ ਮਾਲੀਏ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੱਖਣ ਪੂਰਬ ਏਸ਼ੀਆ ਖੇਤਰ ’ਚ ਕੰਪਨੀ ਲਈ ਬਿਜ਼ਨੈੱਸ ’ਤੇ ਕਾਫੀ ਮੌਕੇ ਹਨ। ਸਾਲ 2022 ਦੀ ਮਾਰਚ ਤਿਮਾਹੀ ’ਚ ਟਾਟਾ ਤਕਨਾਲੋਜੀ ਦਾ ਮਾਲੀਆ 3,529 ਕਰੋੜ ਰੁਪਏ ਰਿਹਾ ਜਿਸ ’ਚ ਉਸ ਨੂੰ 437 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ। ਸਾਲਾਨਾ ਆਧਾਰ ’ਤੇ ਕੰਪਨੀ ਦੀ ਮਾਲੀਆ ਗ੍ਰੋਥ ਇਸ ਦੌਰਾਨ 47 ਫੀਸਦੀ ਰਹੀ।


author

Harinder Kaur

Content Editor

Related News