ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਪਹਿਲੀ ਐਂਟਰੀ, ਲਾਂਚ ਹੋਣਗੇ Amul ਦੁੱਧ ਦੇ ਇਹ ਉਤਪਾਦ

Sunday, Mar 24, 2024 - 11:23 AM (IST)

ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਪਹਿਲੀ ਐਂਟਰੀ, ਲਾਂਚ ਹੋਣਗੇ Amul ਦੁੱਧ ਦੇ ਇਹ ਉਤਪਾਦ

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਡੇਅਰੀ ਬ੍ਰਾਂਡ ਅਮੂਲ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਬ੍ਰਾਂਡ ਦੀ ਮਾਲਕ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈੱਡਰੇਸ਼ਨ ਹੁਣ ਅਮਰੀਕਾ ’ਚ ਆਪਣੇ ਉਤਪਾਦ ਲਾਂਚ ਕਰਨ ਜਾ ਰਹੀ ਹੈ। ‘ਅਮੂਲ ਦੁੱਧ ਪੀਂਦਾ ਹੈ ਇੰਡੀਆ’, ਨਹੀਂ-ਨਹੀਂ, ਹੁਣ ਇਹ ਗਾਣਾ ਸਿਰਫ਼ ਭਾਰਤ ਦੇ ਲੋਕ ਹੀ ਨਹੀਂ, ਸਗੋਂ ਅਮਰੀਕਾ ਵਾਲੇ ਵੀ ਗੁਣਗਣਾਉਣਗੇ, ਕਿਉਂਕਿ ਹੁਣ ਅਮੂਲ ਬ੍ਰਾਂਡ ਦਾ ਦੁੱਧ ਅਮਰੀਕਾ ਵੀ ਮਜ਼ੇੇ ਨਾਲ ਪੀਵੇਗਾ। ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਇਹ ਪਹਿਲੀ ਐਂਟਰੀ ਹੈ।

ਭਾਰਤ ’ਚ ਰੋਜ਼ਾਨਾ ਲੱਖਾਂ ਲੀਟਰ ਤਾਜ਼ੇ ਦੁੱਧ (ਫ੍ਰੈੱਸ਼ ਮਿਲਕ) ਦੀ ਸਪਲਾਈ ਕਰਨ ਵਾਲਾ ਅਮੂਲ ਬ੍ਰਾਂਡ ਹੁਣ ਅਮਰੀਕਾ ’ਚ ਵੀ ਆਪਣਾ ਜਲਵਾ ਦਿਖਾਵੇਗਾ। ਅਮੂਲ ਬ੍ਰਾਂਡ ਇਥੇ ਫ੍ਰੈੱਸ਼ ਮਿਲਕ ਸੈਗਮੈਂਟ ’ਚ ਕੰਮ ਕਰੇਗਾ। ਅਮਰੀਕਾ ’ਚ ਅਮੂਲ ਬ੍ਰਾਂਡ ਦਾ ਦੁੱਧ ਵੇਚਣ ਲਈ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀ. ਸੀ. ਐੱਮ. ਐੱਮ. ਐੱਫ.) ਨੇ ਅਮਰੀਕਾ ਦੀ 108 ਸਾਲ ਪੁਰਾਣੀ ਡੇਅਰੀ ‘ਮਿਸ਼ੀਗਨ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ’ ਨਾਲ ਡੀਲ ਕੀਤੀ ਹੈ। ਇਸ ਸਬੰਧੀ ਜੀ. ਸੀ. ਐੱਮ. ਐੱਮ. ਐੱਫ. ਦੇ ਮੈਨੇਜਿੰਗ ਡਾਇਰੈਕਟਰ ਜਯੇਨ ਮਹਿਤਾ ਨੇ ਸਹਿਕਾਰੀ ਸਭਾ ਦੀ ਸਾਲਾਨਾ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਅਮੂਲ ਬ੍ਰਾਂਡ ਦੀ ਤਾਜ਼ੇ ਦੁੱਧ ਦੀ ਰੇਂਜ ਨੂੰ ਭਾਰਤ ਤੋਂ ਬਾਹਰ ਅਮਰੀਕਾ ਵਰਗੇ ਬਾਜ਼ਾਰ ’ਚ ਲਾਂਚ ਕੀਤਾ ਜਾ ਰਿਹਾ ਹੈ। ਅਮਰੀਕਾ ’ਚ ਭਾਰਤੀ ਮੂਲ ਦੇ ਭਾਈਚਾਰੇ ਦੀ ਵੱਡੀ ਆਬਾਦੀ ਰਹਿੰਦੀ ਹੈ।

ਇੰਨੀ ਪੈਕੇਜਿੰਗ ’ਚ ਇਸ ਤਰ੍ਹਾਂ ਮਿਲੇਗਾ ਅਮੂਲ ਦੁੱਧ

ਅਮੂਲ ਦੁੱਧ ਨੂੰ ਅਮਰੀਕਾ ’ਚ ਇਕ ਗੈਲਨ (3.8 ਲੀਟਰ) ਅਤੇ ਅੱਧਾ ਗੈਲਨ (1.9 ਲੀਟਰ) ਪੈਕਿੰਗ ’ਚ ਦੁੱਧ ਵੇਚਿਆ ਜਾਵੇਗਾ। ਅਮਰੀਕਾ ’ਚ 6 ਫੀਸਦੀ ਫੈਟ ਵਾਲਾ ਅਮੂਲ ਗੋਲਡ ਬ੍ਰਾਂਡ, 4.5 ਫੀਸਦੀ ਫੈਟ ਵਾਲਾ ਅਮੂਲ ਸ਼ਕਤੀ ਬ੍ਰਾਂਡ, 3 ਫੀਸਦੀ ਫੈਟ ਵਾਲਾ ਅਮੂਲ ਤਾਜ਼ਾ ਅਤੇ 2 ਫੀਸਦੀ ਫੈਟ ਵਾਲਾ ਅਮੂਲ ਸਲਿਮ ਬ੍ਰਾਂਡ ਹੀ ਵੇਚਿਆ ਜਾਵੇਗਾ। ਇਹ ਬ੍ਰਾਂਡ ਮੌਜੂਦਾ ’ਚ ਈਸਟ ਕੋਸਟ ਅਤੇ ਮਿਡ-ਵੈਸਟ ਬਾਜ਼ਾਰ ’ਚ ਵੇਚਿਆ ਜਾਵੇਗਾ।

ਅਮੂਲ ਭਾਰਤ ’ਚ ਵੀ ਘਰ-ਘਰ ’ਚ ਜਾਣਿਆ-ਪਛਾਣਿਆ ਨਾਂ ਹੈ। ਇਹ ਭਾਰਤ ਦੇ ਸੁਪਰ ਬ੍ਰਾਂਡਾਂ ’ਚੋਂ ਇਕ ਹੈ। ਇੰਨਾ ਹੀ ਨਹੀਂ, ਭਾਰਤ ’ਚ ‘ਚਿੱਟੀ ਕ੍ਰਾਂਤੀ’ ਲਿਆਉਣ ’ਚ ਅਮੂਲ ਦਾ ਵੱਡਾ ਯੋਗਦਾਨ ਹੈ। ਇਸ ਦੀ ਸਫ਼ਲਤਾ ਨੇ ਹੀ ਭਾਰਤ ’ਚ ਡੇਅਰੀ ਕੋ-ਆਪ੍ਰੇਟਿਵ ਨੂੰ ਵੱਡੇ ਪੱਧਰ ’ਤੇ ਫੈਲਾਇਆ ਅਤੇ ਇਸੇ ਕਾਰਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਵੀ ਨੀਂਹ ਰੱਖੀ ਗਈ।


author

Harinder Kaur

Content Editor

Related News