ਐਮਾਜ਼ਾਨ ਨੇ ਕਰਮਚਾਰੀਆਂ ਨੂੰ ਦਿੱਤਾ ਵੱਡਾ ਝਟਕਾ, 18000 ਮੁਲਾਜ਼ਮ ਹੋਣਗੇ ਕੰਪਨੀ ਤੋਂ ਬਾਹਰ
Thursday, Jan 05, 2023 - 10:52 AM (IST)

ਬਿਜ਼ਨੈੱਸ ਡੈਸਕ- ਐਮਾਜ਼ਾਨ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਟਵਿਟਰ ਅਤੇ ਮੇਟਾ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਮਾਜ਼ੋਨ ਨੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਕੀਤਾ ਹੈ। ਗਲੋਬਲ ਮੰਦੀ ਕਾਰਨ ਦੁਨੀਆ ਭਰ ਦੀਆਂ ਕੰਪਨੀਆਂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਰਹੀਆਂ ਹਨ। ਐਮਾਜ਼ੋਨ ਨੇ 18,000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ।
ਐਂਡੀ ਜੇਸੀ ਨੇ ਜਾਰੀ ਕੀਤਾ ਨੋਟ
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਡੀ ਜੇਸੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਐਂਡੀ ਜੇਸੀ ਵਲੋਂ ਇੱਕ ਨੋਟ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਕੰਪਨੀ 18,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਉਧਰ ਇਸ ਤੋਂ ਪਹਿਲਾਂ ਕੰਪਨੀ ਨੇ 10,000 ਕਰਮਚਾਰੀਆਂ ਨੂੰ ਬਾਹਰ ਕਰਨ ਦੇ ਬਾਰੇ 'ਚ ਗੱਲ ਕਹੀ ਸੀ।
ਡਿਵਾਈਸ ਯੂਨਿਟ ਦੇ ਹਿਸਾਬ ਨਾਲ ਹੋਵੇਗੀ ਕਟੌਤੀ
ਮੀਡੀਆ ਰਿਪੋਰਟਾਂ ਅਨੁਸਾਰ ਨੌਕਰੀ 'ਚ ਕਟੌਤੀ ਐਮਾਜ਼ਾਨ ਦੀ ਡਿਵਾਈਸ ਯੂਨਿਟ 'ਤੇ ਕੇਂਦਰਿਤ ਹੋਵੇਗੀ, ਜਿਸ 'ਚ ਵਾਇਸ-ਅਸਿਸਟੈਂਟ ਅਲੈਕਸਾ ਅਤੇ ਇਸ ਦੇ ਪ੍ਰਚੂਨ ਅਤੇ ਮਨੁੱਖੀ ਸੰਸਾਧਨ ਵਿਭਾਗ ਸ਼ਾਮਲ ਹਨ।
ਆਈ.ਟੀ. ਕੰਪਨੀਆਂ 'ਤੇ ਮੰਡਰਾ ਰਿਹੈ ਸੰਕਟ
ਗਲੋਬਲ ਮਾਰਕੀਟ 'ਚ ਫੈਲੀ ਮੰਦੀ ਦੇ ਕਾਰਨ ਆਈ.ਟੀ. ਕੰਪਨੀਆਂ 'ਤੇ ਸੰਕਟ ਮੰਡਰਾ ਰਿਹਾ ਹੈ। ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਕੀਤਾ ਹੈ। ਸਤੰਬਰ ਦੇ ਅੰਤ ਤੱਕ ਕੰਪਨੀ ਨਾਲ 15 ਲੱਖ ਕਰਮਚਾਰੀ ਜੁੜੇ ਹੋਏ ਸਨ। ਐਮਾਜ਼ਾਨ ਦੀ ਗ੍ਰੋਥ 'ਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਖਮਿਆਜ਼ਾ ਹਜ਼ਾਰਾਂ ਕਰਮਚਾਰੀਆਂ ਨੂੰ ਭੁਗਤਣਾ ਪੈ ਸਕਦਾ ਹੈ।
ਕਿਉਂ ਹੋ ਰਹੀ ਹੈ ਛਾਂਟੀ ?
ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਐਮਾਜ਼ਾਨ ਨੇ ਕੋਰੋਨਾ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੂੰ ਨੌਕਰੀ 'ਤੇ ਰੱਖ ਲਿਆ ਸੀ ਪਰ ਹੁਣ ਇਹ ਫ਼ੈਸਲਾ ਕੰਪਨੀ 'ਤੇ ਬੋਝ ਸਾਬਤ ਹੋ ਰਿਹਾ ਹੈ ਅਤੇ ਮੰਦੀ ਕਾਰਨ ਕੰਪਨੀ ਦੀ ਗ੍ਰੋਥ 'ਚ ਕਾਫੀ ਗਿਰਾਵਟ ਆ ਰਹੀ ਹੈ। ਇਸ ਕਾਰਨ ਕਰਕੇ ਕੰਪਨੀ ਨੇ ਛਾਂਟੀ ਦਾ ਐਲਾਨ ਕੀਤਾ ਹੈ। ਐਮਾਜ਼ਨ ਤੋਂ ਇਲਾਵਾ ਸੇਲਸਫੋਰਸ ਇੰਕ ਨੇ ਵੀ 10 ਫੀਸਦੀ ਕਰਮਚਾਰੀਆਂ ਦੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।