ਐਮਾਜ਼ੋਨ, ਫਲਿੱਪਕਾਰਟ ਦੀ ਜਾਂਚ ਜਲਦ ਤੋਂ ਜਲਦ ਕੀਤੀ ਜਾਵੇ ਸ਼ੁਰੂ : ਕੈਟ
Saturday, Jun 12, 2021 - 11:00 PM (IST)
ਨਵੀਂ ਦਿੱਲੀ- ਕਰਨਾਟਕ ਹਾਈਕੋਰਟ ਵੱਲੋਂ ਐਮਾਜ਼ੋਨ ਅਤੇ ਫਲਿੱਪਕਾਰਟ ਦੀ ਉਨ੍ਹਾਂ ਖਿਲਾਫ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਦੀ ਜਾਂਚ ਨੂੰ ਰੱਦ ਕੀਤੇ ਜਾਣ ਦੀ ਅਪੀਲ ਤੋਂ ਇਕ ਦਿਨ ਬਾਅਦ ਵਪਾਰੀਆਂ ਦੇ ਸੰਗਠਨ ਕੈਟ ਨੇ ਵਣਜ ਮੰਤਰੀ ਪਿਊਸ਼ ਗੋਇਲ ਨੂੰ ਇਕ ਪੱਤਰ ਲਿਖ ਕੇ ਇਹ ਜਾਂਚ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਕੈਟ ਨੇ ਵਣਜ ਮੰਤਰੀ ਨੂੰ ਐੱਫ. ਡੀ. ਆਈ. ਨੀਤੀ ਦੇ ਪ੍ਰੈਸ ਨੋਟ 2 ਦੀ ਜਗ੍ਹਾ ਈ-ਕਾਮਰਸ ਖੇਤਰ ਲਈ ਬਹੁ-ਉਡੀਕੀ ਇਕ ਨਵਾਂ ਪ੍ਰੈੱਸ ਨੋਟ ਜਾਰੀ ਕਰਨ ਦੀ ਵੀ ਬੇਨਤੀ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ ਨਿਗਰਾਨੀ ਤੰਤਰ ਬਣਾਇਆ ਜਾਵੇ ਜਿਸ ਨਾਲ ਕੋਈ ਵੀ ਕਿਸੇ ਵੀ ਨੀਤੀ ਦਾ ਉਲੰਘਣ ਕਰਨ ਦਾ ਸਾਹਸ ਨਾ ਕਰ ਸਕੇ।
ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਵਾਲ ਨੇ ਸ਼ਨੀਵਾਰ ਨੂੰ ਇਕ ਪੱਤਰਕਾਰੀ ਸੰਮੇਲਨ ਵਿਚ ਕਿਹਾ ਕਿ ਦੇਸ਼ ਭਰ ਦੇ ਵਪਾਰੀ ਅਗਾਮੀ ਹਫ਼ਤੇ 14 ਜੂਨ ਤੋਂ 21 ਜੂਨ ਤੱਕ ਈ-ਕਾਮਰਸ ਸ਼ੁੱਧੀਕਰਨ ਹਫ਼ਤੇ ਦੇ ਰੂਪ ਵਿਚ ਮਨਾਉਣਗੇ। 16 ਜੂਨ ਨੂੰ ਵਪਾਰੀ ਸੰਗਠਨ ਆਪਣੇ-ਆਪਣੇ ਜ਼ਿਲ੍ਹਾ ਕੁਲੈਕਟਰਾਂ ਨੂੰ ਪੀ. ਐੱਮ.ਮੋਦੀ ਦੇ ਨਾਂ ਇਕ ਮੰਗ ਪੱਤਰ ਸੌਂਪਣਗੇ, ਜਿਸ ਵਿਚ ਈ-ਕਾਮਰਸ ਕੰਪਨੀਆਂ ਵੱਲੋਂ ਨੀਤੀ ਤੇ ਨਿਯਮਾਂ ਦੇ ਨਿਰੰਤਰ ਉਲੰਘਣ ਨੂੰ ਰੋਕਣ ਲਈ ਤਤਕਾਲ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾਵੇਗੀ। ਵਪਾਰੀ ਪ੍ਰਤੀਨਿਧੀ ਮੰਡਲ ਆਪਣੇ-ਆਪਣੇ ਸੂਬਿਆਂ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਪਣੀ ਗੱਲ ਰੱਖਣਗੇ।