ਅਕਸ਼ੈ ਤ੍ਰਿਤੀਆ : ਕੋਰੋਨਾ ਕਾਰਨ ਦੋ ਸਾਲ ''ਚ ਡੁੱਬਾ 20 ਹਜ਼ਾਰ ਕਰੋੜ ਦਾ ਜਿਊਲਰੀ ਕਾਰੋਬਾਰ

05/14/2021 11:31:37 AM

ਨਵੀਂ ਦਿੱਲੀ (ਇੰਟ.) – ਅਕਸ਼ੈ ਤ੍ਰਿਤੀਆ ਮੌਕੇ ਸੋਨਾ ਖਰੀਦਣ ਦਾ ਰਿਵਾਜ਼ ਹੈ। ਦੇਸ਼ ਭਰ ’ਚ ਇਸ ਦਿਨ ਸੋਨੇ ਦੀ ਜ਼ੋਰਦਾਰ ਖਰੀਦਦਾਰੀ ਕੀਤੀ ਜਾਂਦੀ ਹੈ ਪਰ ਕੋਰੋਨਾ ਮਹਾਮਾਰੀ ਨੇ ਲਗਾਤਾਰ ਦੂਜੇ ਸਾਲ ਇਸ ’ਤੇ ਪਾਣੀ ਫੇਰ ਦਿੱਤਾ ਹੈ।

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਲਾਕਡਾਊਨ ਅਤੇ ਨਾਈਟ ਕਰਫਿਊ ਲੱਗਾ ਹੋਇਆ ਹੈ। ਇਸ ਕਾਰਨ ਦੇਸ਼ ਭਰ ਦੇ 90 ਜਿਊਲਰੀ ਬਾਜ਼ਾਰ ਬੰਦ ਹਨ। ਉਥੇ ਹੀ ਜੋ ਗਿਣਤੀ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ, ਉਸ ’ਤੇ ਕੋਰੋਨਾ ਮਹਾਮਾਰੀ ਦੇ ਡਰ ਕਾਰਨ ਗਾਹਕਾਂ ਦੇ ਜਾਣ ਦੀ ਉਮੀਦ ਬਿਲਕੁਲ ਨਹੀਂ ਹੈ।

ਅਖਿਲ ਭਾਰਤੀ ਰਤਨ ਅਤੇ ਗਹਿਣਾ ਪਰਿਸ਼ਦ (ਜੀ. ਜੇ. ਸੀ.) ਦੇ ਪ੍ਰਧਾਨ ਆਸ਼ੀਸ਼ ਪੇਠੇ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਮਾਰੀ ਦਾ ਕਹਿਰ ਪਿਛਲੇ ਸਾਲ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਇਸ ਕਾਰਨ ਜ਼ਿਆਦਾਤਰ ਦੁਕਾਨਾਂ ਬੰਦ ਹਨ ਯਾਨੀ ਇਸ ਵਾਰ ਵੀ ਅਕਸ਼ੈ ਤ੍ਰਿਤੀਆ ਦੇ ਮੌਕੇ ’ਤੇ ਕਾਰੋਬਾਰ ਬਿਲਕੁਲ ਨਹੀਂ ਹੋਵੇਗਾ। ਮਤਲਬ ਸੋਨਾ ਹੁਣ ਫਿਰ ਬੇਹਾਲ ਹੈ। ਪਿਛਲੇ ਸਾਲ ਆਨਲਾਈਨ ਅਤੇ ਫੋਨ ’ਤੇ ਬੁਕਿੰਗ ਰਾਹੀਂ ਥੋੜੀ-ਬਹੁਤ ਵਿਕਰੀ ਅਕਸ਼ੈ ਤ੍ਰਿਤੀਆ ਮੌਕੇ ਹੋਈ ਸੀ।

ਵਿਕਰੀ ਦੀ ਉਮੀਦ ਬਹੁਤ ਘੱਟ

ਪੀ. ਐੱਨ. ਜੀ. ਜਿਊਲਰਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੌਰਭ ਗਾਡਗਿਲ ਨੇ ਦੱਸਿਆ ਕਿ ਇਸ ਵਾਰ ਵੀ ਅਕਸ਼ੈ ਤ੍ਰਿਤੀਆ ਮੌਕੇ ਵਿਕਰੀ ਦੀ ਉਮੀਦ ਬਹੁਤ ਹੀ ਘੱਟ ਹੈ ਕਿਉਂਕਿ ਕੋਵਿਡ-19 ਦਾ ਪ੍ਰਭਾਵ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਹੁਣ ਟੀਕਾਕਰਨ ਮੁਹਿੰਮ ’ਚ ਤੇਜ਼ੀ ਆਉਣ ਅਤੇ ਕੋਰੋਨਾ ਦੇ ਮਾਮਲੇ ਘਟਣ ਤੋਂ ਬਾਅਦ ਹੀ ਇਸ ਇੰਡਸਟਰੀ ’ਚ ਮੰਗ ਪਰਤਣ ਦੀ ਉਮੀਦ ਹੈ।

ਸੋਨੇ-ਚਾਂਦੀ ’ਚ ਨਿਵੇਸ਼ ਦਾ ਸ਼ਾਨਦਾਰ ਮੌਕਾ

ਇਸ ਸਾਲ ਸੋਨਾ ਆਪਣੇ ਉੱਚ ਪੱਧਰ ਤੋਂ ਕਰੀਬ 10,000 ਰੁਪਏ ਸਸਤਾ ਹੋ ਚੁੱਕਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਮੌਕੇ ਦਾ ਫਾਇਦਾ ਉਠਾ ਕੇ ਨਿਵੇਸ਼ਕ ਸੋਨੇ ’ਚ ਨਿਵੇਸ਼ ਕਰ ਸਕਦੇ ਹਨ। ਸੋਨਾ ਲੰਮੀ ਿਮਆਦ ’ਚ ਇਕ ਵਾਰ ਮੁੜ ਸ਼ਾਨਦਾਰ ਰਿਟਰਨ ਦੇਵੇਗਾ।

55 ਤੋਂ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੈ ਸੋਨਾ

ਰੇਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਉਪ-ਪ੍ਰਧਾਨ ਸੁਗੰਧਾ ਸਚਦੇਵਾ ਨੇ ਦੱਸਿਆ ਕਿ ਮਿਡ ਟਰਮ ’ਚ ਚਾਂਦੀ ਦੀ ਕੀਮਤ 76,000 ਰੁਪਏ ਪ੍ਰਤੀ ਕਿਲੋ ਅਤੇ ਲਾਂਗ ਟਰਮ ’ਚ 85,000 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦੀ ਹੈ। ਉਥੇ ਹੀ ਸੋਨਾ ਮਿਡ ਟਰਮ ’ਚ 52000 ਰੁਪਏ ਅਤੇ ਲਾਂਗ ਟਰਮ ’ਚ 55 ਤੋਂ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।


Harinder Kaur

Content Editor

Related News