ਆਕਾਸਾ ਏਅਰ ਨੇ ਗ੍ਰਿਫਿਨ ਨਾਲ ਕੀਤਾ ਸਮਝੌਤਾ, ਜੁਲਾਈ ਤੋਂ ਭਰ ਸਕਦੀ ਹੈ ਉਡਾਣ
Thursday, Jun 09, 2022 - 06:31 PM (IST)

ਨਵੀਂ ਦਿੱਲੀ (ਭਾਸ਼ਾ) – ਆਕਾਸ਼ ਏਅਰ ਨੇ ਪੰਜ ਬੋਇੰਗ 737 ਮੈਕਸ ਜਹਾਜ਼ਾਂ ਦੀ ਵਿਕਰੀ ਅਤੇ ਲੀਜਬੈਕ ਲਈ ਆਇਰਲੈਂਡ ਦੀ ਲੀਜਿੰਗ ਕੰਪਨੀ ਗ੍ਰਿਫਿਨ ਗਲੋਬਲ ਅਸੈਟ ਮੈਨੇਜਮੈਂਟ ਨਾਲ ਸਮਝੌਤਾ ਕੀਤਾ ਹੈ। ਵਿਕਰੀ ਅਤੇ ਲੀਜਬੈਕ ਮਾਡਲ ਦੇ ਤਹਿਤ ਹਵਾਬਾਜ਼ੀ ਕੰਪਨੀ ਆਪਣੇ ਜਹਾਜ਼ਾਂ ਨੂੰ ਇਕ ਲੀਜਿੰਗ ਕੰਪਨੀ ਨੂੰ ਵੇਚਦੀ ਹੈ ਅਤੇ ਫਿਰ ਉਨ੍ਹਾਂ ਨੂੰ ਵਾਪਸ ਲੀਜ਼ ’ਤੇ ਲੈ ਲੈਂਦੀ ਹੈ। ਇਸ ਤਰ੍ਹਾਂ ਏਅਰਲਾਈਨ ਨੂੰ ਉਹ ਨਕਦੀ ਵਾਪਸ ਮਿਲ ਜਾਂਦੀ ਹੈ ਜੋ ਉਸ ਨੇ ਜਹਾਜ਼ ਖਰੀਦਣ ਲਈ ਖਰਚ ਕੀਤੀ ਸੀ।
ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਵਲੋਂ ਮੈਕਸ ਜਹਾਜ਼ਾਂ ਨੂੰ ਹਰੀ ਝੰਡੀ ਦੇਣ ਦੇ ਲਗਭਗ 3 ਮਹੀਨਿਆਂ ਬਾਅਦ ਆਕਾਸ਼ ਏਅਰ ਨੇ 26 ਨਵੰਬਰ 2021 ਨੂੰ 72 ਮੈਕਸ ਜਹਾਜ਼ ਖਰੀਦਣ ਲਈ ਬੋਇੰਗ ਨਾਲ ਇਕ ਸਮਝੌਤਾ ਕੀਤਾ ਸੀ। ਆਕਾਸ਼ ਏਅਰ ਨੂੰ ਇਸ ਮਹੀਨੇ ਆਪਣਾ ਪਹਿਲਾ ਮੈਕਸ ਜਹਾਜ਼ ਮਿਲਣ ਵਾਲਾ ਹੈ ਅਤੇ ਕੰਪਨੀ ਜੁਲਾਈ ’ਚ ਆਪਣਾ ਕਮਰਸ਼ੀਅਲ ਉਡਾਣ ਸੰਚਾਲਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।